ਜੇਐੱਨਐੱਨ, ਜਲੰਧਰ : ਥਾਣਾ ਲਾਂਬੜਾ ਦੇ ਪਿੰਡ ਸੁਜਾਨਪੁਰ ਦੇ ਮੋੜ 'ਤੇ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰ ਦਰੜ ਦਿੱਤਾ ਜਦਕਿ ਟੱਕਰ ਮਾਰਨ ਵਾਲੀ ਕਾਰ ਦਾ ਡਰਾਈਵਰ ਕਾਰ ਸਮੇਤ ਫ਼ਰਾਰ ਹੋ ਹੋ ਗਿਆ। ਮਿ੍ਤਕ ਦੀ ਪਛਾਣ ਲਾਂਬੜਾ ਦੇ ਪਿੰਡ ਤਾਜਪੁਰ ਵਾਸੀ ਜਸਵੀਰ ਸਿੰਘ (40) ਪੁੱਤਰ ਸੋਹਣ ਸਿੰਘ ਦੇ ਰੂਪ ਵਿਚ ਹੋਈ ਹੈ। ਥਾਣਾ ਲਾਂਬੜਾ ਦੇ ਐੱਸਐੱਚਓ ਪੁਸ਼ਪ ਬਾਲੀ ਨੇ ਦੱਸਿਆ ਕਿ ਟੁੱਲੂ ਪੰਪ ਰਿਪੇਅਰ ਕਰਨ ਦਾ ਕੰਮ ਕਰਨ ਵਾਲਾ ਜਸਵੀਰ ਸਿੰਘ ਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਪਿੰਡ ਸੁਜਾਨਪੁਰ ਮੋੜ 'ਤੇ ਸਾਹਮਣਿਓਂ ਆਈ ਤੇਜ਼ ਰਫ਼ਤਾਰ ਮਾਰੂਤੀ ਸਵਿਫਟ ਕਾਰ (ਪੀਬੀ 08 ਸੀਸੀ 2226) ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਨੇ ਗੰਭੀਰ ਰੂਪ ਵਿਚ ਫੱਟੜ ਹੋਏ ਸਾਈਕਲ ਸਵਾਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਐੱਸਐੱਚਓ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਉਕਤ ਕਾਰ ਦੀ ਰਜਿਸਟ੍ਰੇਸ਼ਨ ਡੀਟੇਲ ਚੈੱਕ ਕਰਦਿਆਂ ਉਸ ਦੇ ਮਾਲਕ ਦਾ ਪਤਾ ਕਰਵਾਇਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਕਾਰ ਇਕ ਸਾਲ ਪਹਿਲਾਂ ਹੀ ਲੁਧਿਆਣਾ ਦੇ ਵਿਅਕਤੀ ਨੂੰ ਵੇਚ ਦਿੱਤੀ ਸੀ। ਕਾਰ ਦੀ ਰਜਿਸਟ੍ਰੇਸ਼ਨ ਫਿਲਹਾਲ ਉਸ ਦੇ ਪਹਿਲੇ ਮਾਲਕ ਦੇ ਨਾਂ 'ਤੇ ਹੀ ਹੈ। ਪੁਲਿਸ ਉਕਤ ਲੁਧਿਆਣਾ ਕਾਰ ਮਾਲਕ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਏ ਕਿ ਘਟਨਾ ਦੇ ਸਮੇਂ ਉਕਤ ਨੰਬਰ ਦੀ ਕਾਰ ਨੂੰ ਕੌਣ ਚਲਾ ਰਿਹਾ ਸੀ। ਉਥੇ ਥਾਣਾ ਲਾਂਬੜਾ ਪੁਲਿਸ ਨੇ ਮਿ੍ਤਕ ਦੇ ਭਰਾ ਸਤਨਾਮ ਸਿੰਘ ਦੇ ਬਿਆਨ 'ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਜਲਦ ਹੀ ਮੁਲਜ਼ਮ ਕਾਰ ਚਾਲਕ ਨੂੰ ਗਿ੍ਫਤਾਰ ਕਰ ਲਵੇਗੀ।