ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ

ਨੈਸ਼ਨਲ ਹਾਈਵੇ ਪਠਾਨਕੋਟ ਜਲੰਧਰ ਵਿਖੇ ਅਜੀਤ ਰਿਜ਼ਾਰਟ ਨਜ਼ਦੀਕ ਪੈਂਦੀ ਪੁਲ਼ੀ ਉੱਪਰ ਸਵਿਫਟ ਗੱਡੀ ਤੇ ਬਾਈਕ ਦੀ ਭਿਆਨਕ ਟੱਕਰ ਵਿਚ ਮੋਟਰਸਾਈਕਲ ਚਾਲਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਨਾਲ ਬੈਠੀ ਮਹਿਲਾ ਜ਼ਖ਼ਮੀ ਹੋ ਗਈ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆ ਮੋਟਰਸਾਈਕਲ ਸਵਾਰ ਮਹਿਲਾ ਚਰਨਜੀਤ ਕੌਰ ਪਤਨੀ ਲਖਵੀਰ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਨੇ ਦੱਸਿਆ ਕਿ ਉਹ ਆਪਣੇ ਪਤੀ ਲਖਵੀਰ ਸਿੰਘ ਨਾਲ ਪਿੰਡ ਢੱਡਾ ਸਨੋਰਾ ਤੋਂ ਪਿੰਡ ਕਾਲਾ ਬੱਕਰਾ ਨੂੰ ਨੈਸ਼ਨਲ ਹਾਈਵੇ ਰਾਹੀਂ ਆ ਰਹੇ ਸਨ। ਦੁਪਹਿਰ 1.30 ਵਜੇ ਦੇ ਕਰੀਬ ਜਦੋਂ ਅਜੀਤ ਰਿਜ਼ਾਰਟ ਕੋਲ ਪਹੁੰਚੇ ਤਾਂ ਪਿੱਿਛਓਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਗੱਡੀ ਦੇ ਡਰਾਈਵਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਦੋਵੇਂ ਪਤੀ-ਪਤਨੀ ਸੜਕ 'ਤੇ ਡਿੱਗ ਗਏ, ਜਿਸ ਨਾਲ ਲਖਵੀਰ ਸਿੰਘ ਦੇ ਗਹਿਰੀਆਂ ਸੱਟਾਂ ਲੱਗ ਗਈਆਂ ਤੇ ਚਰਨਜੀਤ ਕੌਰ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਉਪਰੰਤ ਗੱਡੀ ਚਲਾ ਰਹੇ ਮੱਲ ਸਾਹਿਬ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਪਿੰਡ ਖੱਖ ਥਾਣਾ ਟਾਂਡਾ ਨੇ ਲਖਵੀਰ ਸਿੰਘ ਤੇ ਚਰਨਜੀਤ ਕੌਰ ਦੋਵਾਂ ਨੂੰ ਮੁੱਢਲੀ ਸਹਾਇਤਾ ਲਈ ਜੌਹਲ ਹਸਪਤਾਲ ਵਿਖੇ ਲੈ ਗਏ, ਜਿਥੇ ਡਾਕਟਰ ਵੱਲੋਂ ਲਖਵੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਲਖਵੀਰ ਸਿੰਘ ਦੀ ਮੌਤ ਹੋ ਗਈ। ਚਰਨਜੀਤ ਕੌਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੇ ਪਤੀ ਲਖਵੀਰ ਸਿੰਘ ਦੀ ਮੌਤ ਗੱਡੀ ਦੇ ਤੇਜ਼ ਰਫ਼ਤਾਰ ਹੋਣ ਕਰਕੇ ਹੋਈ ਹੈ, ਜਿਸ ਲਈ ਗੱਡੀ ਚਾਲਕ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਥਾਣੇਦਾਰ ਪ੍ਰਰੇਮਜੀਤ ਸਿੰਘ ਨੇ ਤਫ਼ਤੀਸ਼ ਕਰਦਿਆਂ ਗੱਡੀ ਚਾਲਕ 'ਤੇ ਮੁਕਦਮਾ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।