ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਛੇ ਦੀ ਸਬ ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਚੋਰੀ ਦੇ ਮੋਟਰਸਾਈਕਲ ਉਪਰ ਜਾਅਲੀ ਨੰਬਰ ਲਾ ਕੇ ਘੁੰਮ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਚੌਕੀ ਬੱਸ ਸਟੈਂਡ ਦੇ ਇੰਚਾਰਜ ਐੱਸਆਈ ਮੇਜਰ ਸਿੰਘ ਦੀ ਅਗਵਾਈ ਹੇਠ ਏਐੱਸਆਈ ਸੁਸ਼ੀਲ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਸਤਲੁਜ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਮੋਟਰਸਾਈਕਲ 'ਤੇ ਆ ਰਹੇ ਨੌਜਵਾਨ ਨੂੰ ਰੋਕ ਕੇ ਜਦ ਮੋਟਰਸਾਈਕਲ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਜਦ ਪੁਲਿਸ ਨੇ ਵਾਹਨ ਐਪ ਜ਼ਰੀਏ ਮੋਟਰਸਾਈਕਲ ਦੇ ਚੈਸੀ ਨੰਬਰ ਦੇ ਆਧਾਰ 'ਤੇ ਜਾਂਚ ਕੀਤੀ ਤਾਂ ਉਕਤ ਮੋਟਰਸਾਈਕਲ ਦਾ ਨੰਬਰ ਜਾਅਲੀ ਨਿਕਲਿਆ, ਜਿਸ 'ਤੇ ਉਸ ਨੌਜਵਾਨ, ਜਿਸ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਪਿੰਡ ਜਵਾਹਰ ਨਗਰ ਭੁਲੱਥ ਵਜੋਂ ਹੋਈ, ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਨਿਸ਼ਾਨ ਸਿੰਘ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਉਸ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਸ ਨੇ ਜੱਲੋਵਾਲ ਕਾਲੋਨੀ ਤੋਂ ਚੋਰੀ ਕੀਤਾ ਸੀ ਤੇ ਆਪਣੇ ਮੋਟਰਸਾਈਕਲ ਦਾ ਨੰਬਰ ਉਸ ਉੱਪਰ ਲਾ ਕੇ ਘੁੰਮ ਰਿਹਾ ਸੀ। ਏਸੀਪੀ ਗਿੱਲ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਚੋਰੀ ਦੇ ਹੋਰ ਵੀ ਵਾਹਨ ਬਰਾਮਦ ਹੋਣਗੇ।