ਅਕਸ਼ੈਦੀਪ ਸ਼ਰਮਾ, ਆਦਮਪੁਰ : ਆਦਮਪੁਰ ਦੇ ਨਜਦੀਕੀ ਪਿੰਡ ਖੁਰਦਪੁਰ ਵਾਸੀ ਕੈਪਟਨ ਹਰਭਜਨ ਸਿੰਘ ਵੀਰ ਚੱਕਰ ਜੇਤੂ ਜਿਨ੍ਹਾਂ ਦਾ ਬੀਤੇ ਦਿਨ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ, ਦਾ ਸ਼ੁਕਰਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕੈਪਟਨ ਹਰਭਜਨ ਸਿੰਘ ਨੂੰ 1971 ਦੀ ਜੰਗ ਦੌਰਾਨ ਬਹਾਦਰੀ ਦੀ ਅਦੁੱਤੀ ਮਿਸਾਲ ਪੇਸ਼ ਕਰਨ 'ਤੇ ਭਾਰਤ ਸਰਕਾਰ ਵੱਲੋਂ ਵੀਰ ਚੱਕਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ ਤੇ ਸੇਵਾਮੁਕਤ ਹੋਣ ਉਪਰੰਤ ਉਹ ਲਗਾਤਾਰ ਆਪਣੇ ਪਿੰਡ ਵਿਚ ਰਹਿ ਕੇ ਸਮਾਜ ਸੇਵਾ ਕਰ ਰਹੇ ਸਨ। ਪਿੰਡ 'ਚ ਅਟਵਾਲ ਮੁਰਦਾਘਰ ਦੀ ਸਥਾਪਨਾ ਦੇ ਨਾਲ-ਨਾਲ ਮਸ਼ੀਨੀ ਸਸਕਾਰ ਦੇ ਸਾਰੇ ਪ੍ਰਬੰਧ ਕਰਵਾਉਣ ਵਿਚ ਉਨ੍ਹਾਂ ਦਾ ਮੋਹਰੀ ਯੋਗਦਾਨ ਰਿਹਾ। ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਵੱਡੀਆਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਆਦਮਪੁਰ ਤੇ ਇੰਡਿਅਨ ਐਕਸ ਸਰਵਿਸਮੈਨ ਵਰਗੀਆਂ ਸੰਸਥਾਵਾਂ ਵਿਚ ਵੀ ਕੈਪਟਨ ਹੁਰਾਂ ਦੀ ਵੱਡੀ ਭੂਮਿਕਾ ਰਹੀ। ਸ਼ਨਿਚਰਵਾਰ ਨੂੰ ਉਨ੍ਹਾਂ ਦੇ ਅੰਤਮ ਸਸਕਾਰ ਮੌਕੇ ਜਿੱਥੇ ਪਿੰਡ ਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ,¢ਉੱਥੇ ਫੌਜ ਦੇ ਜਵਾਨਾਂ ਵੱਲੋਂ ਵੀ ਉਨ੍ਹਾਂ ਨੂੰ ਸਲਾਮੀ ਦੇ ਕੇ ਅੰਤਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਵੀਰ ਚੱਕਰ ਜੇਤੂ ਕੈਪਟਨ ਹਰਭਜਨ ਸਿੰਘ ਆਦਮਪੁਰ ਹਲਕੇ ਦੀ ਸ਼ਾਨ ਸਨ ਤੇ ਫੌਜ ਵਿਚ ਰਹਿੰਦਿਆਂ ਦੇਸ਼ ਲਈ ਤੇ ਸੇਵਾਮੁਕਤ ਹੋਣ ਉਪਰੰਤ ਸਮਾਜ ਲਈ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਉਨ੍ਹਾਂ ਜੋ ਕੰਮ ਸਿਰੇ ਚੜਾਏ, ਉਨ੍ਹਾਂ ਲਈ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ।