ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਤਿੰਨ ਰੋਜ਼ਾ ਹੜਤਾਲ ਅੱਜ 12 ਵਜੇ ਸ਼ੁਰੂ ਕੀਤੀ ਗਈ ਪਰ ਸ਼ਾਮ ਨੂੰ ਇਹ ਹੜਤਾਲ ਮੁੱਖ ਮੰਤਰੀ ਮਾਨ ਨਾਲ ਮੀਟਿੰਗ ਦੇ ਭਰੋਸੇ 'ਤੇ ਵਾਪਸ ਲੈ ਲਈ ਗਈ।

ਐਤਵਾਰ ਸਵੇਰੇ ਪੰਜਾਬ ਅੰਦਰ ਪਨਬੱਸ ਅਤੇ ਪੀਆਰਟੀਸੀ ਦੇ 27 ਡਿਪੂਆਂ ਦੇ ਗੇਟਾਂ ਅੱਗੇ ਲਗਪਗ 8000 ਕੱਚੇ ਮੁਲਾਜ਼ਮ ਧਰਨੇ 'ਤੇ ਬੈਠ ਗਏ। ਇਸ ਸਮੇਂ ਜਲੰਧਰ ਡਿਪੂ-1 ਦੇ ਗੇਟ ਅੱਗੇ ਧਰਨੇ ਦੌਰਾਨ ਦਲਜੀਤ ਸਿੰਘ, ਗੁਰਪ੍ਰਰੀਤ ਸਿੰਘ ਭੁੱਲਰ, ਸਤਪਾਲ ਸਿੰਘ ਸੱਤਾ, ਚਾਨਣ ਸਿੰਘ, ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਨੂੰ ਬਚਾਉਣ ਅਤੇ ਪੰਜਾਬ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਟਰਾਂਸਪੋਰਟ ਮਾਫੀਆ ਖਤਮ ਕਰਨ ਸਮੇਤ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਕੱਢਣ ਦੀ ਗੱਲ ਕਰਦੀ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਆਪਣੇ ਨਿਸ਼ਾਨੇ ਤੋਂ ਸਰਕਾਰ ਜਾਣ ਬੁੱਝ ਕੇ ਭਟਕ ਰਹੀ ਹੈ। ਆਗੂਆਂ ਨੇ ਟਰਾਂਸਪੋਰਟ ਮੰਤਰੀ ਪੰਜਾਬ ਦੇ ਕਹਿਣ 'ਤੇ ਹੜਤਾਲ ਅੱਗੇ ਪਾਈ ਸੀ ਤੇ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ 7 ਦਿਨਾਂ ਵਿਚ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਢਾਈ ਮਹੀਨੇ ਬੀਤਣ ਦੇ ਬਾਵਜੂਦ ਕੋਈ ਹੱਲ ਨਹੀਂ ਕੱਿਢਆ ਗਿਆ। ਜਥੇਬੰਦੀ ਦੇ ਦਬਾਅ ਕਰ ਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਨਾਲ ਦੋ ਮੀਟਿੰਗਾਂ ਹੋਈਆਂ ਪਰ ਡਰਾਵਾ ਦਿੰਦਿਆਂ ਕਿਹਾ ਕਿ ਕੋਈ ਮੰਗ ਹੱਲ ਨਹੀਂ ਕਰਨੀ, ਤੁਹਾਡੇ 'ਤੇ ਕੋਈ ਸਰਵਿਸ ਰੂਲ ਲਾਗੂ ਨਹੀਂ ਕਰਨੇ, ਰਿਪੋਰਟਾਂ ਵਾਲੇ ਬਹਾਲ ਨਹੀਂ ਕਰਨੇ, ਕਿਲੋਮੀਟਰ ਸਕੀਮ ਬੱਸਾਂ ਪਾਵਾਂਗੇ ਭਾਵੇਂ ਮਹਿਕਮੇ ਨੂੰ ਘਾਟਾ ਪਵੇ, ਕਿਲੋਮੀਟਰ ਸਕੀਮ ਬੱਸਾਂ ਪ੍ਰਰਾਈਵੇਟ ਮਾਲਕਾਂ ਦੀਆਂ ਪਾਵਾਂਗੇ। ਕੋਰੋਨਾ ਮਹਾਮਾਰੀ ਵਿਚ ਮੌਤ ਹੋਈ ਹੈ, ਮਹਿਕਮੇ ਵੱਲੋਂ ਕੋਈ ਵਿੱਤੀ ਸਹਾਇਤਾ ਜਾਂ ਲਾਭ ਨਹੀਂ ਦਿੱਤਾ ਗਿਆ। ਲੜਾਈ ਲੜਦੇ ਕੱਚੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੰਡੀਸ਼ਨਾ ਲਾ ਕੇ ਕੱਿਢਆ ਜਾ ਰਿਹਾ ਹੈ।

ਭੁਪਿੰਦਰ ਸਿੰਘ, ਗੁਰਪ੍ਰਕਾਰ ਸਿੰਘ, ਬਿਕਰਮਜੀਤ ਸਿੰਘ, ਦਵਿੰਦਰ ਸਿੰਘ, ਰਾਮ ਸਿੰਘ, ਮਲਕੀਤ ਸਿੰਘ, ਹਰਪਾਲ ਸਿੰਘ ਨੇ ਕਿਹਾ ਕਿ ਉਹ ਠੇਕੇਦਾਰੀ ਸਿਸਟਮ ਦੀ ਗ਼ੁਲਾਮੀ ਭੋਗ ਰਹੇ ਹਨ, ਮੁੱਖ ਮੰਤਰੀ ਉਨ੍ਹਾਂ ਨੂੰ ਆਜ਼ਾਦੀ ਦੇਣ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿਭਾਗ ਦਾ ਮੰਤਰੀ ਠੇਕੇਦਾਰੀ ਅਧੀਨ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਕੇ ਉਨ੍ਹਾਂ ਨੂੰ ਹੜਤਾਲਾਂ, ਬੰਦ ਤੇ ਸੜਕਾਂ 'ਤੇ ਉਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

-------------

ਹੜਤਾਲ ਲਈ ਵਾਪਸ, ਸੋਮਵਾਰ ਸਵੇਰ ਤੋਂ ਆਮ ਵਾਂਗ ਚੱਲਣਗੀਆਂ ਸਰਕਾਰੀ ਬੱਸਾਂ

ਜ.ਸ., ਜਲੰਧਰ : ਆਜ਼ਾਦੀ ਦਿਹਾੜੇ ਤੋਂ ਠੀਕ ਇਕ ਦਿਨ ਪਹਿਲਾਂ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀ ਤਿੰਨ ਰੋਜ਼ਾ ਚੱਕਾ ਜਾਮ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ। ਯੂਨੀਅਨ ਦੀ ਜਲੰਧਰ ਇਕਾਈ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਅਗਾਮੀ 18 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਚੰਡੀਗੜ੍ਹ 'ਚ ਬੈਠਕ ਕਰਵਾਈ ਜਾਵੇਗੀ। ਇਸ ਭਰੋਸੇ ਤੋਂ ਬਾਅਦ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ 'ਚ ਰੱਖਦੇ ਹੋਏ ਯੂਨੀਅਨ ਵੱਲੋਂ ਤਿੰਨ ਰੋਜ਼ਾ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰ ਤੋਂ ਸਰਕਾਰੀ ਬੱਸਾਂ ਆਮ ਵਾਂਗ ਚੱਲਣਗੀਆਂ।