ਜਗਦੀਸ਼ ਕੁਮਾਰ, ਜਲੰਧਰ : ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਭਾਵੇਂ ਹੀ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ, ਪਰ ਇਸ ਦੌਰਾਨ ਖੇਤਾਂ 'ਚ ਉਨ੍ਹਾਂ ਵੱਲੋਂ ਕੀਤੀ ਮਿਹਨਤ ਰੰਗ ਲਿਆਉਣ ਲੱਗ ਪਈ ਹੈ। ਦੋਆਬਾ ਖੇਤਰ 'ਚ ਕਿਸਾਨਾਂ ਨੇ ਇਸ ਵਾਰ ਆਲੂ ਦੀ ਬੰਪਰ ਫਸਲ ਲਈ ਹੈ। ਇਹੀ ਕਾਰਨ ਹੈ ਕਿ ਘੱਟ ਭਾਅ ਦੇ ਬਾਵਜੂਦ ਉਹ ਚੰਗੀ ਕਮਾਈ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਭਾਅ ਹੋਰ ਚੰਗਾ ਮਿਲਣ ਦੀ ਸੰਭਾਵਨਾ ਹੈ।

ਕਰਤਾਰਪੁਰ ਦੇ ਰਹਿਣ ਵਾਲੇ ਜਸਬੀਰ ਸਿੰਘ ਕਈ ਸਾਲਾਂ ਤੋਂ ਆਲੂ ਦੀ ਖੇਤੀ ਕਰ ਰਹੇ ਹਨ। ਉਹ ਕਹਿੰਦੇ ਹਨ ਕਿ 'ਇਸ ਵਾਰ ਮੌਸਮ ਨੇ ਕਾਫੀ ਸਾਥ ਦਿੱਤਾ ਹੈ। ਲੇਬਰ ਵੀ ਸਮੇਂ 'ਤੇ ਮਿਲ ਗਈ ਤੇ ਖਾਦ ਦਾ ਸੰਕਟ ਵੀ ਨਹੀਂ ਹੋਇਆ। ਅਸੀਂ ਸਖ਼ਤ ਮਿਹਨਤ ਕੀਤੀ ਤੇ ਨਤੀਜਾ ਸਾਡੇ ਸਾਹਮਣੇ ਹੈ।'

ਵਡਾਲਾ ਪਿੰਡ ਦੇ ਰਹਿਣ ਵਾਲੇ ਸੰਦੀਪ ਸ਼ਰਮਾ ਨੇ ਕਿਹਾ, 'ਹਰ ਸਾਲ 35 ਫੀਸਦੀ ਤਕ ਆਲੂ ਖਰਾਬ ਹੋ ਜਾਂਦਾ ਸੀ। ਇਸ ਵਾਰ ਅਸੀਂ ਖੇਤ 'ਚ ਵੱਧ ਸਮਾਂ ਦਿੱਤਾ। ਪਾਣੀ ਦੀ ਨਿਕਾਸੀ ਆਦਿ ਦਾ ਵਿਗਿਆਨਕ ਢੰਗ ਨਾਲ ਪ੍ਰਬੰਧ ਕੀਤਾ। ਇਹੀ ਕਾਰਨ ਹੈ ਕਿ ਇਸ ਵਾਰ ਚਾਰ ਤੋਂ ਪੰਜ ਫੀਸਦੀ ਆਲੂ ਹੀ ਖਰਾਬ ਹੋਏ ਹਨ। ਪਿਛਲੇ ਸਾਲ ਦੇ ਮੁਕਾਬਲੇ ਨੁਕਾਸਨ ਕਾਫੀ ਘੱਟ ਹੋਇਆ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਪੰਜਾਬ 'ਚ 1.06 ਲੱਖ ਹੈਕਟੇਅਰ ਰਕਬੇ 'ਚ ਆਲੂ ਦੀ ਫਸਲ ਬੀਜੀ ਗਈ ਸੀ। ਔਸਤਨ 270 ਕੁਇੰਟਲ ਪ੍ਰਤੀ ਹੈਕਟੇਅਰ ਆਲੂ ਦਾ ਉਤਪਾਦਨ ਹੋਇਆ ਹੈ। ਮਤਲਬ ਸੂਬੇ 'ਚ ਕੁੱਲ ਪੈਦਾਵਾਰ 28 ਲੱਖ ਮੀਟਿ੍ਕ ਟਨ ਰਹੀ, ਜੋ ਪਿਛਲੇ ਸਾਲ ਤੋਂ ਲਗਪਗ ਦੋ ਲੱਖ ਮੀਟਿ੍ਕ ਟਨ ਯਾਨੀ ਲਗਪਗ ਪੰਜ ਫੀਸਦੀ ਵੱਧ ਹੈ।

ਆਲੂ ਉਤਪਾਦਕ ਮੁਕੇਸ਼ ਚੰਦਰ ਕਹਿੰਦੇ ਹਨ ਕਿ ਉਨ੍ਹਾਂ ਨੇ 150 ਏਕੜ 'ਚ ਆਲੂ ਦੀ ਬਿਜਾਈ ਕੀਤੀ ਸੀ ਤੇ ਬੰਪਰ ਪੈਦਾਵਾਰ ਹੋਈ ਹੈ। ਹਾਲੇ ਭਾਅ ਥੋੜਾ ਘੱਟ ਮਿਲ ਰਿਹਾ ਹੈ, ਪਰ ਆਉਣ ਵਾਲੇ ਸਮੇਂ 'ਚ ਠੀਕ ਭਾਅ ਮਿਲੇਗਾ। ਮਕਸੂਦਾਂ ਸਬਜ਼ੀ ਮੰਡੀ ਦੇ ਥੋਕ ਕਾਰੋਬਾਰੀ ਸੁਭਾਸ਼ ਢੱਲ ਅਨੁਸਾਰ ਇਸ ਵਾਰ ਪੰਜਾਬ ਸਮੇਤ ਕੁਝ ਸੂਬਿਆਂ 'ਚ ਵੀ ਆਲੂ ਦੀ ਬੰਪਰ ਫਸਲ ਹੋਈ ਹੈ। ਪਿਛਲੇ ਸਾਲ ਉਤਰ ਪ੍ਰਦੇਸ਼ ਤੇ ਬੰਗਾਲ ਸਮੇਤ ਕਈ ਸੂਬਿਆਂ 'ਚ ਫਸਲ ਘੱਟ ਸੀ। ਉਦੋਂ ਕਿਸਾਨਾਂ ਨੂੰ 13 ਤੋਂ 14 ਰੁਪਏ ਪ੍ਰਤੀ ਕਿੱਲੋ ਦਾ ਭਾਅ ਮਿਲਿਆ ਸੀ। ਇਸ ਵਾਰ ਹਾਲੇ ਤਕ ਛੇ ਤੋਂ ਸੱਤ ਰੁਪਏ ਭਾਅ ਮਿਲ ਰਿਹਾ ਹੈ।

ਬਿਮਾਰੀ ਤੋਂ ਬਚਾਅ ਰਿਹਾ

ਕੋਰੋਨਾ ਕਾਲ 'ਚ ਚੰਗੀ ਫਸਲ ਦਾ ਇਕ ਵੱਡਾ ਕਾਰਨ ਇਹ ਵੀ ਰਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਫਰਵਰੀ 'ਚ ਬਾਰਿਸ਼ ਨਹੀਂ ਹੋਈ। ਇਸ ਨਾਲ ਆਲੂ ਦੀ ਗ੍ਰੋਥ ਵਧੀਆ ਰਹੀ ਤੇ ਬਿਮਾਰੀ ਵੀ ਨਹੀਂ ਲੱਗੀ। ਆਲੂ ਦੀ ਕੁਆਲਿਟੀ ਵਧੀਆ ਹੈ ਹਾਲਾਂਕਿ ਉਤਪਾਦਨ 'ਚ ਬਹੁਤ ਜ਼ਿਆਦਾ ਵਾਧਾ ਨਹੀਂ ਹੈ। ਦੋਆਬਾ ਖੇਤਰ ਤਹਿਤ ਆਉਂਦੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ 'ਚ ਇਸ ਵਾਰ ਆਲੂ ਦਾ ਆਕਾਰ ਪਿਛਲੇ ਸਾਲ ਦੇ ਮੁਕਾਬਲੇ ਵੱਡਾ ਹੈ। ਪਿਛਲੇ ਸਾਲ ਲਗਾਤਾਰ ਬਾਰਿਸ਼ ਕਾਰਨ ਫਸਲ ਖਰਾਬ ਹੋ ਗਈ ਸੀ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਮੁਕੇਸ਼ ਚੰਦਰ ਅਨੁਸਾਰ ਇਸ ਵਾਰ 225 ਤੋਂ 250 ਬੋਰੀ ਪ੍ਰਤੀ ਏਕੜ ਆਲੂ ਦੀ ਪੈਦਾਵਾਰ ਹੋਈ ਹੈ।

ਬੀਜ 'ਚ ਵਰਤਿਆ ਜਾਂਦਾ ਹੈ 65 ਫੀਸਦੀ ਆਲੂ

ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇਸ਼ ਦੇ ਦੂਜੇ ਸੂਬਿਆਂ 'ਚ ਆਲੂ ਦੀ ਮੰਗ ਪੂਰੀ ਕਰਨ ਤੋਂ ਇਲਾਵਾ ਬੀਜ ਵੀ ਸਪਲਾਈ ਕਰਦਾ ਹੈ। ਆਲੂ ਦੀ ਕੁੱਲ ਪੈਦਾਵਾਰ 'ਚੋਂ 65 ਫੀਸਦੀ ਆਲੂ ਦੇਸ਼ ਦੇ ਦੂਜੇ ਸੂਬਿਆਂ 'ਚ ਬੀਜ ਦੇ ਤੌਰ 'ਤੇ ਸਪਲਾਈ ਕੀਤਾ ਜਾਂਦਾ ਹੈ। ਸਿਰਫ 35 ਫੀਸਦੀ ਆਲੂ ਹੀ ਖਾਣ ਲਈ ਵਰਤਿਆ ਜਾਂਦਾ ਹੈ। ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਪਨ ਪਠਾਨੀਆ ਨੇ ਦੱਸਿਆ ਕਿ ਸੂਬੇ 'ਚ 28 ਲੱਖ ਮੀਟਿ੍ਕ ਟਨ ਆਲੂ ਦਾ ਉਤਪਾਦਨ ਹੋਇਆ ਹੈ। ਕਵਾਲਿਟੀ 'ਚ ਕਾਫੀ ਸੁਧਾਰ ਆਇਆ ਹੈ।