ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਹੁਜਨ ਸਮਾਜ ਪਾਰਟੀ ਨੇ 15 ਅਗਸਤ ਨੂੰ ਬੂਟਾ ਮੰਡੀ ਪਾਰਕ ਤੋਂ ਲੈ ਕੇ ਡਾ. ਭੀਮ ਰਾਓ ਅੰਬੇਡਕਰ ਚੌਕ ਤਕ ਵਿਸ਼ਾਲ ਪ੍ਰਦਰਸ਼ਨ ਮਾਰਚ ਕੀਤਾ। ਮਾਰਚ ਦੀ ਅਗਵਾਈ ਬਸਪਾ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ ਤੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤੀ। ਇਸ ਦੌਰਾਨ ਬੀਤੇ ਦਿਨੀਂ ਪਾਵਰ ਕਾਰਪੋਰੇਸ਼ਨ ਤੇ ਕੁਨੈਕਟ ਕੰਪਨੀ ਦੀ ਲਾਪਰਵਾਹੀ ਕਾਰਨ ਮਾਰੇ ਗਏ ਰਮਨ ਕੁਮਾਰ ਮਾਹੀ ਨੂੰ ਇਨਸਾਫ ਦਿਵਾਉਣ ਤੇ ਦਲਿਤ, ਪੱਛੜੇ, ਧਾਰਮਿਕ ਘੱਟ ਗਿਣਤੀਆਂ ਦੇ ਸੰਵਿਧਾਨਿਕ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਇਸ ਤੋਂ ਬਾਅਦ ਡੀਸੀ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਸ ਪ੍ਰਦਰਸ਼ਨ 'ਚ ਸ਼ੋ੍ਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਪਵਨ ਟੀਨੂੰ ਤੇ ਚਰਨਜੀਤ ਸਿੰਘ ਲਾਲੀ ਨੇ ਵੀ ਸਾਥੀਆਂ ਸਮੇਤ ਹਾਜ਼ਰੀ ਲਗਵਾਈ।

ਰੋਸ ਮਾਰਚ ਨੂੰ ਸੰਬੋਧਨ ਕਰਦੇ ਹੋਏ ਗੁਰਮੇਲ ਚੁੰਬਰ ਤੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼ੇ੍ਣੀਆਂ (ਓਬੀਸੀ), ਧਾਰਮਿਕ ਘੱਟ ਗਿਣਤੀਆਂ ਤੇ ਆਮ ਲੋਕਾਂ ਖਿਲਾਫ ਗੈਰ-ਸੰਵਿਧਾਨਕ ਨੀਤੀਗਤ ਫੈਸਲੇ ਲੈ ਕੇ ਸੰਵਿਧਾਨਿਕ ਹੱਕਾਂ ਨੂੰ ਖਤਮ ਕਰ ਰਹੀ ਹੈ। ਪੰਜਾਬ 'ਚ ਪਿੰਡਾਂ ਤੇ ਖਾਸ ਕਰ ਦਲਿਤਾਂ, ਪੱਛੜੇ ਵਰਗਾਂ ਨਾਲ ਸਬੰਧਤ ਆਬਾਦੀਆਂ ਦੇ ਵਿਕਾਸ ਤੇ ਸੁਵਿਧਾਵਾਂ ਦੇਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਣਵਾਈ ਕੀਤੀ ਜਾਂਦੀ ਹੈ। ਉਨ੍ਹਾਂ ਜਲੰਧਰ ਦੇ ਪਿੰਡ ਰੰਧਾਵਾ ਮਸੰਦਾ (ਥਾਣਾ ਮਕਸੂਦਾਂ) ਦਾ ਨੌਜਵਾਨ ਰਮਨ ਕੁਮਾਰ ਮਾਹੀ ਦੀ ਪਾਵਰ ਕਾਰਪੋਰੇਸ਼ਨ ਤੇ ਕੁਨੈਕਟ ਕੰਪਨੀ ਦੀ ਗਲਤੀ ਕਰ ਕੇ ਕਰੰਟ ਲੱਗਣ ਕਰਕੇ ਹੋਈ ਮੌਤ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਮਾਮਲੇ 'ਚ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਤੇ ਕੁਨੈਕਟ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਇਸ ਐੱਫਆਈਆਰ 'ਚ ਨਾਮਜ਼ਦ ਕੀਤਾ ਜਾਵੇ। ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਇੱਕ ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਵਿਵਸਥਾ 'ਚ ਸੁਧਾਰ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ 'ਚ ਨਾ ਵਾਪਰਨ। ਮਾਰਚ ਦੌਰਾਨ ਲਾਅ ਅਫਸਰਾਂ, ਮੁਹੱਲਾ ਕਲੀਨਿਕਾਂ 'ਚ ਮੈਡੀਕਲ ਸਟਾਫ ਦੇ ਨਾਲ-ਨਾਲ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) 'ਚ ਭਰਤੀ ਦੌਰਾਨ ਐੱਸਸੀ, ਓਬੀਸੀ ਵਰਗਾਂ, ਦਿਵਿਆਂਗ, ਸਾਬਕਾ ਸੈਨਿਕਾਂ, ਖਿਡਾਰੀਆਂ, ਅੌਰਤਾਂ ਨੂੰ ਰਾਖਵਾਂਕਰਨ ਦੇਣ ਲਈ ਆਵਾਜ਼ ਬੁਲੰਦ ਕੀਤੀ ਗਈ। ਇਸ ਤੋਂ ਇਲਾਵਾ ਓਬੀਸੀ ਸ਼ੇ੍ਣੀਆਂ ਲਈ ਮੰਡਲ ਕਮਿਸ਼ਨ ਰਿਪੋਰਟ, ਪੋਸਟ ਮੈਟਿ੍ਕ ਸਕਾਲਰਸ਼ਿਪ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਸਰਕਾਰੀ ਨੌਕਰੀਆਂ 'ਚ ਐੱਸਸੀ ਨਾਲ ਸਬੰਧਤ ਅਸਾਮੀਆਂ ਦੇ ਬੈਕਲਾਗ ਨੂੰ ਭਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਸੂਬਾ ਜਨਰਲ ਸਕੱਤਰ ਲਾਲ ਚੰਦ ਅੌਜਲਾ, ਸੂਬਾ ਸੈਕਟਰੀ ਇੰਜੀਨੀਅਰ ਜਸਵੰਤ ਰਾਏ, ਪੀਡੀ ਸ਼ਾਂਤ, ਸੂਬਾ ਕੈਸ਼ੀਅਰ ਪਰਮਜੀਤ ਮੱਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿਜੇ ਯਾਦਵ ਤੇ ਹੋਰ ਵੱਡੀ ਗਿਣਤੀ ਆਗੂ ਤੇ ਵਰਕਰ ਮੌਜੂਦ ਸਨ।