ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਏਵੀ ਯੂਨੀਵਰਸਿਟੀ ਦੇ ਮਹਿਲਾ ਸਸ਼ਕਤੀਕਰਨ ਸੈੱਲ ਵੱਲੋਂ ਬ੍ਰੈਸਟ ਕੈਂਸਰ ਸਬੰਧੀ ਜਾਗਰੂਕਤਾ ਕੈਂਪ ਕਰਵਾਇਆ ਗਿਆ। ਡਾ. ਮੁਵੀਨ ਮਿੱਤਲ ਨੇ ਆਪਣੇ ਲੈਕਚਰ ਵਿਚ ਛਾਤੀ ਦੇ ਕੈਂਸਰ ਨਾਲ ਜੁੜੇ ਵੱਖ-ਵੱਖ ਕਾਰਨਾਂ ਅਤੇ ਜੋਖਮ ਦੇ ਕਾਰਕਾਂ ਬਾਰੇ ਚਰਚਾ ਕੀਤੀ ਜਿਵੇਂ ਉਮਰ, ਖੁਰਾਕ, ਜੈਨੇਟਿਕ, ਵਾਤਾਵਰਨ, ਜੀਵਨ ਸ਼ੈਲੀ, ਦੇਰ ਨਾਲ ਗਰਭ ਅਵਸਥਾ, ਸ਼ੁਰੂਆਤੀ ਮਾਹਵਾਰੀ ਅਤੇ ਦੇਰ ਨਾਲ ਮੀਨੋਪੌਜ਼ ਆਦਿ। ਉਨ੍ਹਾਂ ਨੇ ਬਿਮਾਰੀ ਦੇ ਛੇਤੀ ਪਤਾ ਲਾਉਣ 'ਤੇ ਜ਼ੋਰ ਦਿੱਤਾ ਤਾਂ ਜੋ ਪੂਰੀ ਤਰ੍ਹਾਂ ਠੀਕ ਹੋ ਸਕੇ। ਡਾ. ਮਿੱਤਲ ਨੇ ਵਿਦਿਆਰਥੀਆਂ ਨੂੰ ਸਵੈ-ਜਾਂਚ ਦੇ ਵੱਖ-ਵੱਖ ਤਰੀਕਿਆਂ ਅਤੇ ਨਵੀਨਤਮ ਜਾਂਚ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਪੋ੍ਗਰਾਮ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਅਤੇ ਕਾਰਜਕਾਰੀ ਵਾਈਸ ਚਾਂਸਲਰ ਡਾ. ਜਸਬੀਰ ਰਿਸ਼ੀ ਵੱਲੋਂ ਸੰਖੇਪ ਭਾਸ਼ਣ ਨਾਲ ਕੀਤੀ ਗਈ। ਆਪਣੇ ਉਦਘਾਟਨੀ ਭਾਸ਼ਣ ਵਿਚ ਉਨ੍ਹਾਂ ਨੇ ਅਜਿਹੇ ਜਾਗਰੂਕਤਾ ਕੈਂਪਾਂ ਦੀ ਜ਼ਰੂਰਤ ਅਤੇ ਮਹੱਤਤਾ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਛੋਟੀ ਉਮਰ ਵਿਚ ਲੜਕੀਆਂ ਨੂੰ ਇਨ੍ਹਾਂ ਮਾਰੂ ਬਿਮਾਰੀਆਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਾਗਰੂਕਤਾ ਫੈਲਾਉਣ ਲਈ ਸਵੈਸੇਵਕ ਬਣਨ ਲਈ ਉਤਸ਼ਾਹਿਤ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਕੈਂਪ ਲਾਉਣ 'ਤੇ ਜ਼ੋਰ ਦਿੱਤਾ।