ਗੁਰਦੀਪ ਸਿੰਘ ਲਾਲ/ਹਰਜਿੰਦਰ ਕੌਰ ਚਾਹਲ, ਫਿਲੌਰ : ਬੀਤੀ ਰਾਤ ਫਿਲੌਰ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਚੌਕ ਵਿਖੇ ਸਥਾਪਤ ਬਾਬਾ ਸਾਹਿਬ ਦੇ ਬੁੱਤ 'ਤੇ ਲਾਏ ਗਏ ਸ਼ੀਸ਼ੇ ਨੂੰ ਇਕ ਨੌਜਵਾਨ ਨੇ ਪੱਥਰ ਮਾਰ ਕੇ ਤੋੜ ਦਿੱਤਾ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਾਮਲੇ ਬਾਰੇ ਲਏ ਗਏ ਨੋਟਿਸ ਤੋਂ ਬਾਅਦ ਪੁਲਿਸ ਨੇ ਅੱਜ ਉਸ ਨੂੰ ਗਿ੍ਫ਼ਤਾਰ ਕਰ ਲਿਆ। ਬੀਤੀ ਰਾਤ ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਬਾਰੇ ਪਤਾ ਲੱਗਦਿਆਂ ਹੀ ਅੱਜ ਸਵੇਰੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਮੌਕੇ 'ਤੇ ਪੁੱਜ ਕੇ ਰੋਸ ਪ੍ਰਗਟ ਕੀਤਾ। ਪ੍ਰਦਰਸ਼ਨ ਬਾਰੇ ਸੂਚਨਾ ਮਿਲਣ 'ਤੇ ਐੱਸਐੱਸਪੀ ਦਿਹਾਤੀ ਨਵੀਨ ਸਿੰਗਲਾ, ਡੀਐੱਸਪੀ ਫਿਲੌਰ ਹਰਨੀਲ ਸਿੰਘ ਤੇ ਐੱਸਐੱਚਓ ਸੰਜੀਵ ਕਪੂਰ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪੁੱਜੇ ਅਤੇ ਇਕੱਠੇ ਹੋਏ ਆਗੂਆਂ ਨਾਲ ਗੱਲਬਾਤ ਕੀਤੀ। ਪੁਲਿਸ ਨੇ ਜਦੋਂ ਚੌਕ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ 11-12 ਵਜੇ ਰਾਤ ਵੇਲੇ ਇਕ ਨੌਜਵਾਨ ਆਇਆ, ਜਿਸ ਨੇ ਬੁੱਤ ਨੇੜੇ ਪਿਆ ਗਮਲਾ ਚੁੱਕ ਕੇ ਸ਼ੀਸ਼ੇ ਵਿਚ ਮਾਰਿਆ, ਜਿਸ ਨਾਲ ਬੁੱਤ ਦੁਆਲੇ ਲੱਗਾ ਸ਼ੀਸ਼ਾ ਟੁੱਟ ਗਿਆ। ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜੋ ਮੰਦਬੁੱਧੀ ਦੱਸਿਆ ਜਾ ਰਿਹਾ ਹੈ। ਗਿ੍ਫ਼ਤਾਰ ਵਿਅਕਤੀ ਦੀ ਪਛਾਣ ਮੱਧ ਪ੍ਰਦੇਸ਼ ਦੇ ਹੁਸਨ ਨਿਜਰਾ ਜ਼ਿਲ੍ਹੇ ਦੇ ਪਿੰਡ ਜਵਾਨੀਆ ਵਾਸੀ ਭੀਕੂ ਮੀਨਾ (25) ਵਜੋਂ ਹੋਈ ਹੈ।

ਇਸ ਮੌਕੇ ਵੱਡੀ ਗਿਣਤੀ ਵਿਚ ਬਸਪਾ ਵਰਕਰ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਪੁੱਜੇ ਹੋਏ ਸਨ, ਜਿਨ੍ਹਾਂ ਵਿਚ ਅਮਿਤ ਭੋਸਲੇ, ਤਾਰਾ ਚੰਦ ਜੱਖੂ, ਖੁਸ਼ੀ ਰਾਮ ਸਾਬਕਾ ਸਰਪੰਚ, ਮਹਿੰਦਰ ਰਾਮ ਪ੍ਰਧਾਨ ਨਗਰ ਕੌਂਸਲ ਫਿਲੌਰ, ਕੌਂਸਲਰ ਯਸ਼ਪਾਲ, ਸੋਹਨ ਲਾਲ ਅਤੇ ਹੋਰ ਸ਼ਾਮਲ ਹਨ, ਨੇ ਮਾਮਲੇ ਦੀ ਅਸਲੀਅਤ ਦਾ ਪਤਾ ਲਾਉਣ ਲਈ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜੋ ਵੀ ਨਤੀਜਾ ਨਿਕਲਿਆ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਬਸਪਾ ਆਗੂ ਅੰਮਿ੍ਤਪਾਲ ਭੋਸਲੇ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ। ਪੁਲਿਸ ਵੱਲੋਂ ਜੋ ਨੌਜਵਾਨ ਨੂੰ ਕਾਬੂ ਕੀਤਾ ਹੈ, ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਆਗੂਆਂ ਵਲੋਂ ਸੰਜਮ ਰੱਖਣ ਦੀ ਅਪੀਲ ਕੀਤੀ ਗਈ।

-----------

ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਹੋਈ ਗਿ੍ਫਤਾਰੀ

ਫਿਲੌਰ 'ਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਬਾਰੇ ਜਾਣਕਾਰੀ ਮਿਲਦਿਆਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਉਪਰੰਤ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ। ਇਸ ਘਟਨਾ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਅਤੇ ਦੁਖਦਾਇਕ ਘਟਨਾ ਕਰਾਰ ਦਿੱਤਾ ਹੈ। ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਜਿਹੇ ਿਘਨਾਉਣੇ ਕਾਰਿਆਂ ਵਿਚ ਸ਼ਾਮਲ ਅਨਸਰਾਂ ਖਿਲਾਫ਼ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਪੁਲਿਸ ਮੁਖੀ ਨੂੰ ਸੂਬੇ ਦੇ ਕੌਨੇ-ਕੌਨੇ ਵਿਚ ਚੌਕਸੀ ਵਧਾਉਣ ਦੇ ਹੁਕਮ ਪਹਿਲਾਂ ਹੀ ਦੇ ਚੁੱਕੇ ਹਨ। ਲੋਕਾਂ ਨੂੰ ਪੂਰਾ ਸਮਰਥਨ ਤੇ ਸਹਿਯੋਗ ਲਈ ਅਪੀਲ ਕਰਦਿਆਂ ਚੰਨੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮ ਰੋਲ ਅਦਾ ਕੀਤਾ ਜਾਵੇ ਤਾਂ ਜੋ ਪੰਜਾਬ ਵਿਚ ਹੋਰ ਵੀ ਵਧੇਰੇ ਸ਼ਾਂਤੀਪਸੰਦ ਅਤੇ ਸਦਭਾਵਨਾ ਵਾਲੇ ਮਾਹੌਲ ਸਿਰਜਿਆ ਜਾ ਸਕੇ।