ਲਾਲਕਮਲ, ਅੱਪਰਾ : ਕਸਬਾ ਅੱਪਰਾ ਦੇ ਨਜ਼ਦੀਕੀ ਪਿੰਡ ਛੋਕਰਾਂ ਦੇ ਤਿੰਨ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਵਿਚ ਇਰਾਕ ਗਏ ਸਨ ਪਰ ਗਲਤ ਏਜੰਟ ਦੇ ਧੱਕੇ ਚੜ੍ਹ ਜਾਣ ਕਰ ਕੇ ਅੱਜ ਉਹ ਘਰ ਵਾਪਸ ਆਉਣ ਲਈ ਤਰਸ ਰਹੇ ਹਨ। ਰਣਦੀਪ ਕੁਮਾਰ ਪੁੱਤਰ ਰਾਮ ਲੁਭਾਇਆ, ਬਲਜੀਤ ਕੁਮਾਰ ਪੁੱਤਰ ਅਮਰਜੀਤ, ਸੌਰਵ ਕੁਮਾਰ ਪੁੱਤਰ ਗੁਦਾਵਰ ਰਾਮ ਅਤੇ ਸੰਦੀਪ ਕੁਮਾਰ ਪੁੱਤਰ ਜੋਗਿੰਦਰ ਰਾਮ, ਅਮਨਦੀਪ ਪੁੱਤਰ ਸਤਮਾਨ ਵਾਸੀ ਪਿੰਡ ਅੱਟਾ, ਪ੍ਰਭਜੋਤ ਪੁੱਤਰ ਸਰਬਜੀਤ ਵਾਸੀ ਕਪੂਰਥਲਾ ਤੇ ਕੋਮਲਜੋਤ ਪੁੱਤਰ ਮੋਹਣ ਲਾਲ ਵਾਸੀ ਫਗਵਾੜਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਇਰਬਿਲ ਵਿਚ ਫਸੇ ਹੋਏ ਹਨ। ਉਨ੍ਹਾਂ 'ਚੋਂ ਛੋਕਰਾਂ ਦੇ ਨੌਜਵਾਨਾਂ ਦੇ ਮਾਪਿਆਂ ਨੇ ਦੱਸਿਆ ਕਿ ਉਹ ਪਿੰਡ ਦੀ ਹੀ ਵਸਨੀਕ ਇਕ ਅੌਰਤ ਏਜੰਟ ਰਾਹੀਂ ਇਰਾਕ ਗਏ ਸਨ ਅਤੇ ਪ੍ਰਤੀ ਵਿਅਕਤੀ ਏਜੰਟ ਅੌਰਤ ਨੇ ਉਨ੍ਹਾਂ ਤੋਂ ਦੋ ਲੱਖ, ਵੀਹ ਹਜ਼ਾਰ ਰੁਪਏ ਵਿਚ ਗੱਲ ਕੀਤੀ ਸੀ ਪਰ ਜਦ ਉਹ ਇਰਾਕ ਲਈ ਉਡਾਨ ਫੜਨ ਜਾ ਰਹੇ ਸਨ ਤਾਂ ਏਜੰਟ ਨੇ ਦਿੱਲੀ ਏਅਰਪੋਰਟ 'ਤੇ ਉਨ੍ਹਾਂ ਤੋਂ ਹੋਰ ਪੈਸਿਆ ਦੀ ਮੰਗ ਕੀਤੀ ਤੇ ਪੇਪਰ ਵੀਜ਼ੇ ਪੈਸਿਆਂ ਤੋਂ ਬਗੈਰ ਦੇਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਉਨ੍ਹਾਂ ਨੂੰ 80 ਹਜ਼ਾਰ ਰੁਪਏ ਹੋਰ ਦੇਣੇ ਪਏ ਪਰ ਜਦੋਂ ਨੌਜਵਾਨ ਇਰਾਕ ਪੁੱਜੇ ਤਾਂ ਏਜੰਟ ਨੇ ਉਨ੍ਹਾਂ ਨੂੰ ਅੱਗੇ ਹੋਰ ਏਜੰਟ ਕੋਲ ਕੰਮ ਕਰਨ ਲਈ ਭੇਜ ਦਿੱਤਾ। ਉਸ ਏਜੰਟ ਨੇ ਉਨ੍ਹਾਂ ਨੂੰ ਵਰਕ ਪਰਮਿਟ ਲੈ ਕੇ ਦੇਣ ਲਈ ਹੋਰ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਨੇ ਵਰਕ ਪਰਮਿਟ ਦੇ ਵੀ ਪੈਸੇ ਦੇ ਦਿੱਤੇ ਪਰ ਉਨ੍ਹਾਂ ਨੂੰ ਅੱਜ ਤਕ ਕੰਮ 'ਤੇ ਨਹੀਂ ਭੇਜਿਆ ਗਿਆ। ਉਨ੍ਹਾਂ ਨੇ ਇੱਕਠੇ ਹੋ ਕੇ ਉਕਤ ਅੌਰਤ ਏਜੰਟ ਵਿਰੁੱਧ ਭਾਰਤੀ ਦੂਤਾਵਾਸ ਵਿਚ ਲਿਖਤੀ ਸ਼ਿਕਾਇਤ ਵੀ ਕੀਤੀ ਤੇ ਲਗਪਗ ਦੋ ਮਹੀਨੇ ਪਹਿਲਾਂ ਥਾਣਾ ਫਿਲੌਰ ਵਿਖੇ ਵੀ ਇਸ ਸਬੰਧ ਵਿਚ ਲਿਖਤੀ ਸ਼ਕਾਇਤ ਕੀਤੀ ਸੀ ਪਰ ਅਜੇ ਤਕ ਉਨ੍ਹਾਂ ਦੀ ਮੁਸ਼ਕਲ ਹੱਲ ਨਹੀਂ ਹੋਈ ਤੇ ਉਹ ਘਰੋਂ ਪੈਸੇ ਮੰਗਵਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਇਸ ਸਬੰਧ ਵਿਚ ਜਦ ਉਕਤ ਏਜੰਟ ਅੌਰਤ ਦੇ ਘਰ ਜਾ ਕੇ ਦੇਖਿਆ ਗਿਆ ਤਾਂ ਉਨ੍ਹਾਂ ਦੇ ਘਰ ਵਿਚ ਸਿਰਫ਼ ਉਸ ਏਜੰਟ ਅੌਰਤ ਦੀ ਸੱਸ ਸੀ, ਜਿਸ ਨੇ ਕਿਹਾ ਕਿ ਉਸ ਦੀ ਨੂੰਹ ਵਿਦੇਸ਼ ਗਈ ਹੋਈ ਹੈ ਤੇ ਇਸ ਬਾਰੇ ਉਸ ਦੇ ਨਾਲ ਹੀ ਗੱਲ ਕਰਿਓ।

---

ਕੀ ਕਹਿਣਾ ਹੈ ਐੱਸਐੱਚਓ ਫਿਲੌਰ ਦਾ

ਇਸ ਸਬੰਧ ਵਿਚ ਜਦੋਂ ਪੱਖ ਜਾਨਣ ਲਈ ਐੱਸਐੱਚਓ ਫਿਲੌਰ ਪ੍ਰਰੇਮ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਤਕ ਪੀੜਤ ਪਰਿਵਾਰਾਂ ਨੇ ਕੋਈ ਵੀ ਲਿਖਤੀ ਸ਼ਿਕਾਇਤ ਥਾਣਾ ਫਿਲੌਰ ਵਿਖੇ ਨਹੀਂ ਕੀਤੀ।