ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਥਾਣਾ ਸਦਰ ਅਧੀਨ ਆਉਂਦੇ ਪਿੰਡ ਧੀਣਾ ਦੇ ਨੌਜਵਾਨਾਂ ਦੇ ਤਾਅਨਿਆਂ ਤੋ ਪਰੇਸ਼ਾਨ ਹੋ ਕੇ ਨੌਜਵਾਨ ਵੱਲੋਂ ਘਰ 'ਚ ਹੀ ਫਾਹਾ ਲੈ ਕੇ ਮੌਤ ਨੂੰ ਗਲ਼ੇ ਲਾ ਲਿਆ। ਥਾਣਾ ਸਦਰ ਦੀ ਪੁਲਿਸ ਵੱਲੋਂ ਕਾਰਵਾਈ 'ਚ ਿਢੱਲਮੱਠ ਨੂੰ ਲੈ ਕੇ ਗੁੱਸੇ 'ਚ ਆਏ ਪਰਿਵਾਰਕ ਮੈਬਰਾਂ ਤੇ ਪਿੰਡ ਵਾਸੀਆਂ ਨੇ ਰੋਸ ਵਜੋਂ ਨੌਜਵਾਨ ਦੀ ਲਾਸ਼ ਧੀਣਾ ਅੱਡੇ 'ਚ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜੋ ਲਗਪਗ ਤਿੰਨ ਘੰਟੇ ਤਕ ਜਾਰੀ ਰਿਹਾ। ਧਰਨਾਕਾਰੀਆਂ ਵੱਲੋਂ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਏਡੀਸੀਪੀ-2 ਪਰਮਿੰਦਰ ਸਿੰਘ ਭੰਡਾਲ ਤੇ ਏਸੀਪੀ ਰਵਿੰਦਰ ਸਿੰਘ ਵੱਡੀ ਗਿਣਤੀ 'ਚ ਪੁਲਿਸ ਫੋਰਸ ਸਮੇਤ ਮੌਕੇ 'ਤੇ ਪੁੱਜੇ। ਥਾਣਾ ਮੁਖੀ ਸਦਰ ਸੁਲੱਖਣ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਰੋਹਿਤ ਮਾਹੀ ਪੁੱਤਰ ਓਮ ਪ੍ਰਕਾਸ਼ (22) ਵਾਸੀ ਪਿੰਡ ਧੀਣਾ ਵਜੋ ਹੋਈ, ਜੋ ਰਿਸ਼ਤੇ 'ਚ ਸਾਬਕਾ ਸਰਪੰਚ ਬਲਵੰਤ ਰਾਏ ਦੇ ਭਤੀਜੇ ਦਾ ਲੜਕਾ ਸੀ। ਏਡੀਸੀਪੀ ਭੰਡਾਲ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਦੇ ਚਾਚੇ ਬਲਵੰਤ ਰਾਏ ਦੇ ਬਿਆਨਾਂ 'ਤੇ ਪਿੰਡ ਧੀਣਾ ਵਾਸੀ ਹਨੀ ਤੇ ਮਨੀ ਦੋਵੇਂ ਸਕੇ ਭਰਾ ਤੇ ਰਵੀ ਤਿੰਨੇ ਵਾਸੀ ਪਿੰਡ ਧੀਣਾ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਬਲਵੰਤ ਰਾਏ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਿੰਡ ਦੇ ਹੀ ਇਕ ਜਾਰਜ ਨਾਂ ਦੇ ਮੁੰਡੇ ਨਾਲ ਵਿਆਹ ਕਰਵਾਉਣ ਦੀ ਨੀਅਤ ਨਾਲ ਘਰੋਂ ਚਲੀ ਗਈ ਸੀ। ਬੀਤੇ ਦਿਨ ਓਮ ਪ੍ਰਕਾਸ਼ ਦਾ ਲੜਕਾ ਸਾਡੇ ਘਰ ਆਇਆ ਤੇ ਕਹਿੰਦਾ ਕਿ ਉਹ ਬਹੁਤ ਪਰੇਸ਼ਾਨ ਹਾਂ। ਜਾਰਜ ਦੇ ਚਾਚੇ ਦੇ ਲੜਕੇ ਹਨੀ, ਮਨੀ ਤੇ ਰਵੀ ਉਸ ਨੂੰ ਕਹਿ ਰਹੇ ਹਨ ਕਿ ਸਾਡਾ ਜਾਰਜ ਤੁਹਾਡੀ ਕੁੜੀ ਨੂੰ ਘਰੋਂ ਲੈ ਗਿਆ ਤੁਸੀਂ ਕੀ ਕਰ ਲਿਆ। ਉਨ੍ਹਾਂ ਨੇ ਰੋਹਿਤ ਨੂੰ ਬਹੁਤ ਜ਼ਲੀਲ ਕੀਤਾ। ਮੇਰੀ ਪਤਨੀ ਮੀਨਾ ਨੇ ਰੋਹਿਤ ਨੂੰ ਬਹੁਤ ਸਮਝਾਇਆ ਤੇ ਉਹ ਆਪਣੇ ਘਰ ਚਲਾ ਗਿਆ। ਸਵੇਰੇ 8 ਵਜੇ ਦੇ ਕਰੀਬ ਭਤੀਜੇ ਓਮ ਪ੍ਰਕਾਸ਼ ਨੇ ਦੱਸਿਆ ਕਿ ਜਦੋਂ ਰੋਹਿਤ ਦੇ ਕਮਰੇ 'ਚ ਗਏ ਤਾਂ ਉਸ ਨੇ ਪੱਖੇ ਨਾਲ ਲਟਕ ਕੇ ਫਾਹਾ ਲਿਆ ਹੋਇਆ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਧਰਨਾਕਾਰੀਆਂ ਨੇ ਪੁਲਿਸ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਦਰ ਪੁਲਿਸ ਵੱਲੋਂ ਕੁੜੀ ਨੂੰ ਘਰੋਂ ਲਿਜਾਣ ਵਾਲੇ ਮੁਲਜ਼ਮਾਂ ਨੂੰ ਫੜਨ 'ਚ ਿਢੱਲਮੱਠ ਹੀ ਦਿਖਾਈ ਹੈ। ਹਾਲਾਤ ਨੂੰ ਦੇਖਦਿਆਂ ਥਾਣਾ ਸਦਰ ਤੇ ਥਾਣਾ ਛਾਉਣੀ ਨੂੰ ਵਾਧੂ ਪੁਲਿਸ ਫੋਰਸ ਮੰਗਵਾਉਣੀ ਪਈ। ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਨੂੰ ਸੰਭਾਲਿਆ ਤੇ ਬਿਆਨ ਦਰਜ ਕਰਵਾ ਕੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਵਾ ਦਿੱਤਾ। ਪਿੰਡ ਵਾਸੀਆਂ ਨੇ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਛੇਤੀ ਫੜਨ ਦਾ ਭਰੋਸਾ ਮਿਲਣ 'ਤੇ ਧਰਨਾ ਚੁੱਕ ਲਿਆ ਗਿਆ। ਧਰਨਾ ਲਾਉਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਏਡੀਸੀਪੀ ਭੰਡਾਲ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਛੇਤੀ ਹੀ ਪੁਲਿਸ ਹਿਰਾਸਤ 'ਚ ਹੋਣਗੇ। ਥਾਣਾ ਮੁਖੀ ਸੁਲੱਖਣ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।