ਪਿ੍ਰਤਪਾਲ ਸਿੰਘ, ਸ਼ਾਹਕੋਟ : ਇਥੋਂ ਨੇੜਲੇ ਪਿੰਡ ਬੱਗਾ ਤੇ ਰੌਂਤ ਵਿਚਕਾਰ ਮੰਗਲਵਾਰ ਬਾਅਦ ਦੁਪਹਿਰ ਤੇਜ਼ ਰਫ਼ਤਾਰ ਟਰੈਕਟਰ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਸੁਖਵੀਰ ਸਿੰਘ ਉਰਫ ਕਾਲਾ (22) ਪੁੁੱਤਰ ਹਰਜਿੰਦਰ ਸਿੰਘ ਵਾਸੀ ਘੋਲੀਆਂ ਕਲਾਂ, ਥਾਣਾ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਸੁਖਵੀਰ ਸਿੰਘ ਮੰਗਲਵਾਰ ਬਾਅਦ ਦੁਪਹਿਰ ਆਪਣੇ ਸਾਥੀਆਂ ਸਮੇਤ ਟਰੈਕਟਰ-ਟਰਾਲੀ ਤੋਂ ਕਿਸੇ ਜਗ੍ਹਾ ਇੱਟਾਂ ਲਾਹ ਕੇ ਵਾਪਸ ਜਾ ਰਿਹਾ ਸੀ। ਟਰੈਕਟਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਪਿੰਡ ਬੱਗਾ ਤੇ ਰੌਂਤ ਦੇ ਵਿਚਾਲੇ ਸੜਕ 'ਤੇ ਟਰੈਕਟਰ ਬੇਕਾਬੂ ਹੋ ਗਿਆ ਤੇ ਟਰੈਕਟਰ ਦੇ ਮਗਰਾਟ (ਸਾਈਡ ਵਾਲੀ ਸੀਟ) 'ਤੇ ਬੈਠਾ ਸੁਖਵੀਰ ਸਿੰਘ ਨੂੰ ਸੰਤੁਲਨ ਵਿਗੜ ਜਾਣ ਕਾਰਨ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ। ਸੁਖਵੀਰ ਨੂੰ ਉਸ ਦੇ ਸਾਥੀਆਂ ਨੇ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਲਿਆਂਦਾ, ਜਿਥੇ ਐਮਰਜੈਂਸੀ ਡਿਊਟੀ 'ਤੇ ਮੌਜੂਦ ਡਾ. ਰੌਸ਼ਨ ਲਾਲ ਨੇ ਜ਼ਖਮੀ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ 108 ਐਂਬੂਲੈਂਸ ਦੇ ਚਾਲਕ ਗੁਰਮੇਜ ਸਿੰਘ ਤੇ ਈਐੱਮਟੀ ਅਮਨਦੀਪ ਸਿੰਘ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਨਕੋਦਰ ਲਈ ਰੈਫ਼ਰ ਕਰ ਦਿੱਤਾ। ਸਿਵਲ ਹਸਪਤਾਲ ਨਕੋਦਰ ਵਿਖੇ ਡਿਊਟੀ 'ਤੇ ਮੌਜੂਦ ਡਾਕਟਰਾਂ ਵੱਲੋਂ ਨੌਜਵਾਨ ਸੁਖਵੀਰ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਾਹਕੋਟ ਦੇ ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਿ੍ਤਕ ਨੌਜਵਾਨ ਦੀ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਨਕੋਦਰ ਦੀ ਮੋਰਚਰੀ 'ਚ ਰਖਵਾ ਦਿੱਤੀ ਗਈ ਹੈ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।