ਜਤਿੰਦਰ ਪੰਮੀ, ਜਲੰਧਰ

ਪੰਜਾਬ ਦੇ ਭੂਮੀਹੀਣ ਮਜ਼ਦੂਰ ਹਾਲੇ ਵੀ ਗ਼ੁਲਾਮਾਂ ਵਾਲੀ ਜ਼ਿੰਦਗੀ ਜੀਅ ਰਹੇ ਹਨ। ਧਨਾਢ ਜਿਮੀਂਦਾਰਾਂ ਤੇ ਪੁਲਿਸ ਵੱਲੋਂ ਸੀਰੀਆਂ ਉੱਤੇ ਕਹਿਰ ਢਾਹਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ ਦੇ ਜਨਰਲ ਸਕੱਤਰ ਜੈ ਸਿੰਘ ਨੇ ਇਥੇ ਪ੍ਰਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਸੰਗਰੂਰ ਜ਼ਿਲ੍ਹੇ ਵਿੱਚੋਂ ਮੁਕਤ ਕਰਵਾਏ ਗਏ ਬੰਧੂਆ ਮਜ਼ਦੂਰਾਂ ਦੀ ਦਾਸਤਾਨ ਜ਼ੁਬਾਨੀ ਦੱਸਣ ਲਈ ਮੀਡੀਆ ਦੇ ਰੂਬਰੂ ਹੋਏ ਹਨ। ਜੈ ਸਿੰਘ ਨੇ ਕਿਹਾ ਕਿ ਧਨਾਢ ਜਿਮੀਂਦਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਦਾੀ ਆਵਾਜ਼ ਚੁੱਕਣ ਲਈ ਸਵੈ-ਸੇਵੀ ਜਾਂ ਸੰਸਥਾਵਾਂ ਨੂੰ ਪੁਲਿਸ ਤੋਂ ਜਬਰ-ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੀਡੀਆ ਸਾਹਮਣੇ ਸੰਗਰੂਰ ਜ਼ਿਲ੍ਹੇ ਦੇ 2 ਮਜ਼ਦੂਰ ਪੇਸ਼ ਕੀਤੇ। ਉਨ੍ਹਾਂ ਵਿੱਚੋਂ ਇਕ ਕੁਲਦੀਪ ਸਿੰਘ ਹੈ ਤੇ ਦੂਜਾ ਗੁਰਜੰਟ ਖ਼ਾਨ ਹੈ। ਮਜ਼ਦੂਰ ਕੁਲਦੀਪ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਤੇ ਉਸ ਦਾ ਪਿਤਾ ਇੱਕੋ ਪਰਿਵਾਰ ਦੇ 2 ਭਰਾਵਾਂ ਕੋਲ ਬੰਧੂਆ ਮਜ਼ਦੂਰੀ ਕਰ ਰਹੇ ਹਨ। ਮਾਲਕ ਨੇ ਉਸ ਖ਼ਿਲਾਫ਼ 8 ਲੱਖ ਰੁਪਏ ਦਾ ਕਰਜ਼ਾ ਕੱਢ ਦਿੱਤਾ ਹੈ ਜਦੋਂਕਿ ਉਸ ਦੇ ਪਿਤਾ ਵੱਲ 1.80 ਲੱਖ ਰੁਪਏ ਕੱਢ ਦਿੱਤੇ ਹਨ। ਕੁਲਦੀਪ ਮੁਤਾਬਕ ਮਾਲਕ ਉਸ ਨਾਲ ਅਕਸਰ ਹੀ ਕੁੱਟਮਾਰ ਕਰਦੇ ਹਨ ਤੇ ਕਿਤੇ ਬਾਹਰ ਨਹੀਂ ਜਾਣ ਦਿੰਦੇ। ਜਦੋਂ ਉਸ ਨੇ ਕੰਮ ਛੱਡਣ ਦੀ ਗੱਲ ਕੀਤੀ ਤਾਂ ਉਸ ਨੂੰ ਸੀਆਈਏ ਸਟਾਫ ਲੱਡਾ ਕੋਠੀ ਦੀ ਪੁਲਿਸ ਹਵਾਲੇ ਕੀਤਾ ਗਿਆ, ਜਿਥੇ ਉਸ ਨੂੰ ਕਰੰਟ ਲਾਇਆ ਗਿਆ। ਬਾਅਦ ਵਿਚ ਮਾਲਕ ਬਿਨਾਂ ਕੋਈ ਕੇਸ ਕੀਤਿਆਂ ਵਾਪਸ ਲੈ ਆਏ। ਕੁਲਦੀਪ ਨੇ ਦੱਸਿਆ ਕਿ ਤੰਗ ਆ ਕੇ ਕੰਮ ਛੱਡ ਕੇ ਭੱਜ ਗਿਆ ਸੀ। ਮਾਲਕ ਕੁਲਦੀਪ ਨੂੰ ਲੱਭਣ ਲਈ ਉਸ ਦੀ ਭੈਣ ਪਰਮਜੀਤ ਕੌਰ ਦੇ ਸਹੁਰੇ ਘਰ ਗਏ ਅਤੇ ਪਰਮਜੀਤ ਕੌਰ ਦੀ ਕੁੱਟਮਾਰ ਕੀਤੀ। ਉਸ ਦੀ ਭੈਣ ਸਰਕਾਰੀ ਹਸਪਤਾਲ ਸਮਾਣ 'ਚ ਜ਼ੇਰੇ ਇਲਾਜ ਰਹੀ ਪਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ। ਕੁਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਉਸ ਦਾ ਪਿਤਾ ਮਹਿੰਦਰ ਸਿੰਘ ਜੋ ਜਿਮੀਂਦਾਰ ਗੁਰਬਚਨ ਸਿੰਘ ਦਾ ਸੀਰੀ ਹੈ, ਦੇ ਘਰ ਜਬਰੀ ਦਾਖਲ ਹੋ ਕੇ ਉਸ ਦੀ ਮਾਂ ਜਸਵੰਤ ਕੌਰ ਨਾਲ ਕੁੱਟਮਾਰ ਕੀਤੀ ਗਈ ਅਤੇ ਜਬਰੀ ਉਨ੍ਹਾਂ ਦੇ ਘਰ 'ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ 181 'ਤੇ ਰਿਪੋਰਟ ਲਿਖਾਈ ਪਰ ਉਲਟਾ ਪੁਲਿਸ ਮਹਿੰਦਰ ਸਿੰਘ ਨੂੰ ਫੜ ਕੇ ਲੈ ਗਈ ਤੇ ਉਸ ਤੋਂ ਜਬਰੀ ਡਰਾ-ਧਮਕਾ ਕੇ ਅਰਜ਼ੀ ਲਿਖਵਾ ਲਈ ਕਿ ਉਹ ਆਪਣਾ ਕੇਸ ਵਾਪਸ ਲੈਂਦਾ ਹੈ। ਇਸ ਤੋਂ ਇਲਾਵਾ ਮਹਿੰਦਰ ਸਿੰਘ ਕੋਲੋਂ ਹੋਰ ਕਾਗਜ਼ਾਂ ਉੱਪਰ ਵਸੀਕਾਨਵੀਸ ਰਾਹੀਂ ਦਸਤਖਤ/ਅੰਗੂਠਾ ਲਗਵਾ ਲਿਆ। ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ ਦੀ ਸ਼ਰਨ ਵਿਚ ਹੈ ਤੇ ਸ਼ਿਕਾਇਤ 395/19/18/2019/ਓਸੀ ਜੋ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤੀ ਹੋਈ ਹੈ, ਦਾ ਫ਼ੈਸਲਾ ਉਡੀਕ ਰਿਹਾ ਹੈ।

ਇਸੇ ਤਰ੍ਹਾਂ ਸੰਗਰੂਰ ਦੇ ਪਿੰਡ ਫੱਗੂਵਾਲ ਤਹਿਸੀਲ ਭਵਾਨੀਗੜ੍ਹ ਦੇ ਗੁਰਜੰਟ ਖ਼ਾਨ ਪੁੱਤਰ ਮੇਘਾ ਖ਼ਾਨ ਨੇ ਦੱਸਿਆ ਕਿ ਉਹ ਪਿੰਡ ਦੇ ਜਿਮੀਂਦਾਰ ਸ਼ਿੰਦਰਪਾਲ ਸਿੰਘ ਦੇ ਸੀਰੀ ਲੱਗਾ ਹੋਇਆ ਹੈ। ਸੀਰੀ ਲੱਗਣ ਸਮੇਂ ਉਸ ਨੇ ਸ਼ਿੰਦਰਪਾਲ ਸਿੰਘ ਕੋਲੋਂ 90,000 ਰੁਪਏ ਦਾ ਕਰਜ਼ਾ ਲਿਆ ਸੀ ਤੇ ਚਾਰ ਸਾਲਾਂ ਤੋਂ ਲਗਾਤਾਰ ਦਿਨ-ਰਾਤ ਕੰਮ ਕਰਦਾ ਰਿਹਾ ਪਰ ਉਸ ਦਾ ਇਹ ਕਰਜ਼ਾ ਉਥੇ ਦਾ ਉਥੇ ਹੀ ਖੜ੍ਹਾ ਹੈ। ਗੁਰਜੰਟ ਨੇ ਕਿਹਾ ਕਿ ਮਾਲਕ ਕਰਜ਼ੇ ਦਿੱਤੇ ਬਗੈਰ ਉਸ ਨੂੰ ਮੁਕਤ ਨਹੀਂ ਕਰ ਸਕਦੇ। ਉਸ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ 457/19/18/2019 ਦਰਜ ਕਰਵਾਈ ਹੋਈ ਹੈ।