ਮੁੱਖ ਚੌਕਾਂ 'ਤੇ ਬੋਰਡ-ਬੈਨਰ ਲਾਉਣ ਵਾਲੀਆਂ ਕੰਪਨੀਆਂ ਤੇ ਪ੍ਰਿੰਟਰਜ਼ ’ਤੇ ਹੋਵੇਗਾ ਪਰਚਾ
ਜਾਸ, ਜਲੰਧਰ : ਨਗਰ
Publish Date: Tue, 09 Dec 2025 09:35 PM (IST)
Updated Date: Tue, 09 Dec 2025 09:39 PM (IST)

ਜਾਸ, ਜਲੰਧਰ : ਨਗਰ ਨਿਗਮ ਬਿਨਾਂ ਮਨਜ਼ੂਰੀ ਦੇ ਸ਼ਹਿਰ ਦੇ ਮੁੱਖ ਚੌਕਾਂ ਤੇ ਹੋਰਡਿੰਗਜ਼-ਬੈਨਰ ਤੇ ਪੋਸਟਰ ਲਗਾਉਣ ਵਾਲਿਆਂ ’ਤੇ ਐੱਫਆਈਆਰ ਦਰਜ ਕਰਵਾਏਗਾ। ਇਹ ਫੈਸਲਾ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਇਸ਼ਤਿਹਾਰ ਬ੍ਰਾਂਚ ਦੀ ਟੀਮ ਨਾਲ ਹੋਈ ਮੀਟਿੰਗ ਮਗਰੋਂ ਲਿਆ ਹੈ। ਮੇਅਰ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਮੁੱਖ ਚੌਕ ਜਿਨ੍ਹਾਂ ’ਚ ਬੀਐੱਸਐੱਫ, ਪੀਏਪੀ, ਬੀਐੱਮਸੀ-ਸੰਵਿਧਾਨ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਗੁਰੂ ਅਮਰਦਾਸ ਚੌਕ, ਡਾ. ਬੀ.ਆਰ. ਅੰਬੇਡਕਰ ਚੌਕ, ਫੁੱਟਬਾਲ ਚੌਕ, ਕਪੂਰਥਲਾ ਚੌਕ ਸਮੇਤ ਹੋਰ ਚੌਕ ਸ਼ਾਮਲ ਹਨ, ਉੱਥੇ ਕਿਸੇ ਨੂੰ ਵੀ ਇਸ਼ਤਿਹਾਰੀ ਬੋਰਡ ਲਾਉਣ ਦੀ ਇਜਾਜ਼ਤ ਨਹੀਂ ਹੈ। ਜੇ ਇੱਥੇ ਕੋਈ ਲਾਉਂਦਾ ਹੈ ਤਾਂ ਉਸ ਕੰਪਨੀ ਖ਼ਿਲਾਫ਼ ਤੇ ਮਟੀਰੀਅਲ ਛਾਪਣ ਵਾਲੀ ਕੰਪਨੀ ਖ਼ਿਲਾਫ਼ ਪਬਲਿਕ ਡਿਫੇਸਮੈਂਟ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਮੇਅਰ ਤੇ ਕਮਿਸ਼ਨਰ ਨੇ ਪ੍ਰਿੰਟਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪ੍ਰਿੰਟਿੰਗ ਮਟੀਰੀਅਲ ਤੇ ਆਪਣਾ ਨਾਮ ਛਾਪਣ ਤੇ ਇਸ ਮਟੀਰੀਅਲ ਨੂੰ ਪਬਲਿਕ ਸਥਾਨ ਤੇ ਨਾ ਲਾਉਣ। ਨਗਰ ਨਿਗਮ ਨੇ ਇਹ ਸਖ਼ਤ ਫੈਸਲਾ ਦੋ ਕਾਰਨਾਂ ਕਰ ਕੇ ਲਿਆ ਗਿਆ ਹੈ। ਪਹਿਲਾ ਸ਼ਹਿਰ ਦੇ ਸਾਰੇ ਚੌਕਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਇਸ਼ਤਿਹਾਰੀ ਬੋਰਡ ਇਨ੍ਹਾਂ ਦੀ ਸੁੰਦਰਤਾ ਨੂੰ ਵਿਗਾੜ ਰਹੇ ਹਨ। ਇਨ੍ਹਾਂ ਚੌਕਾਂ ਨੂੰ ਵਿਕਸਿਤ ਕਰਨ ’ਤੇ ਲੱਖਾਂ ਰੁਪਏ ਖਰਚ ਰਹੀਆਂ ਕੰਪਨੀਆਂ ਵੀ ਬੋਰਡ-ਬੈਨਰ ਲਾਉਣ ਤੇ ਇਤਰਾਜ਼ ਪ੍ਰਗਟਾ ਰਹੀਆਂ ਹਨ। ਦੂਜਾ, ਨਗਰ ਨਿਗਮ ਨੇ ਸ਼ਹਿਰ ਵਿਚ ਇਸ਼ਤਿਹਾਰ ਦਾ ਠੇਕਾ ਦੇਣ ਦੀ ਤਿਆਰੀ ਕੀਤੀ ਹੈ। ਇਸ ਠੇਕੇ ਦੀ ਰਿਜ਼ਰਵ ਪ੍ਰਾਈਜ਼ 13.50 ਕਰੋੜ ਰੁਪਏ ਹੈ। ਸ਼ਹਿਰ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਫਲੈਕਸ ਬੋਰਡ ਨਿਗਮ ਦੇ ਠੇਕੇ ’ਚ ਰੁਕਾਵਟ ਪੈਦਾ ਕਰ ਸਕਦੇ ਹਨ। ਇਸ ਲਈ ਠੇਕੇ ਦੇ ਟੈਂਡਰ ਨੂੰ ਸਿਰੇ ਚੜ੍ਹਾਉਣ ਲਈ ਵੀ ਗ਼ੈਰ ਕਾਨੂੰਨੀ ਇਸ਼ਤਿਹਾਰਾਂ ’ਤੇ ਰੋਕ ਲਾਈ ਜਾ ਰਹੀ ਹੈ।