ਬੀਐੱਲਓ ਪਤੀ-ਪਤਨੀ ’ਚੋਂ ਇਕ ਨੂੰ ਚੋਣ ਡਿਉਟੀ ਤੋਂ ਛੋਟ ਦਿੱਤੀ ਜਾਵੇ : ਬਾਸੀ
ਬੀਐੱਲਓਜ, ਪਤੀ-ਪਤਨੀ ’ਚੋਂ ਇਕ ਨੂੰ ਚੋਣ ਡਿਉਟੀ ਤੋਂ ਛੋਟ ਦਿੱਤੀ ਜਾਵੇ
Publish Date: Tue, 09 Dec 2025 07:09 PM (IST)
Updated Date: Tue, 09 Dec 2025 07:12 PM (IST)

-ਅਧਿਆਪਕਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਬਲਾਕਾਂ ’ਚ ਲਾਈਆਂ ਜਾਣ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ’ਚ 90 ਫੀਸਦੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਬਿਨਾਂ ਡਿਪਟੀ ਕਮਿਸ਼ਨਰ ਦਫ਼ਤਰ ’ਚ ਵੀ ਵੱਡੀ ਗਿਣਤੀ ’ਚ ਲਗਪਗ ਸਾਰਾ ਸਾਲ ਕੰਪਿਊਟਰ ਅਧਿਆਪਕਾਂ ਤੋਂ ਕੰਮ ਲਿਆ ਜਾਂਦਾ ਹੈ। ਇਸ ਦੇ ਬਾਵਜੂਦ ਜੇ ਅਧਿਆਪਕ ਆਪਣੀਆਂ ਸਮੱਸਿਆਵਾਂ ਸਬੰਧੀ ਚੋਣ ਅਧਿਕਾਰੀਆਂ ਨਾਲ਼ ਰਾਬਤਾ ਕਰਦੇ ਹਨ ਤਾਂ ਸਮੱਸਿਆ ਦਾ ਢੁੱਕਵਾਂ ਹੱਲ ਕੱਢਣ ਦੀ ਬਜਾਏ ਅਧਿਆਪਕਾਂ ਨੂੰ ਧਮਕਾਇਆ ਜਾਂਦਾ ਹੈ। ਇਹ ਪ੍ਰਗਟਾਵਾ ਗੌਰਮੈਂਟ ਟੀਚਰਜ਼ ਯੂਨੀਅਨ ਦੇ ਆਗੂਆਂ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਕੁਲਵੰਤ ਰਾਮ ਰੁੜਕਾ ਕਲਾ, ਸੁਖਵਿੰਦਰ ਸਿੰਘ, ਲੇਖ ਰਾਜ, ਸੰਦੀਪ ਰਾਜੇਵਾਲ, ਮੁਲਖ ਰਾਜ, ਜਗਜੀਤ ਸਿੰਘ, ਵਿਜੇ ਕੁਮਾਰ, ਸੁਖਵਿੰਦਰ ਸਿੰਘ ਮੱਕੜ, ਕੁਲਦੀਪ ਸਿੰਘ ਕੌੜਾ ਤੇ ਹੋਰ ਆਗੂਆਂ ਨੇ ਮੀਟਿੰਗ ਬਾਅਦ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਅਫ਼ਸਰਸ਼ਾਹੀ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਦੇ ਲੋੜਵੰਦ ਤੇ ਗਰੀਬ ਵਿਦਿਆਰਥੀਆਂ ਦੀ ਰੱਤੀ ਭਰ ਵੀ ਚਿੰਤਾ ਨਹੀਂ ਹੈ। ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਵਿਧਾਨ ਸਭਾ ’ਚ ਅਧਿਆਪਕਾਂ ਤੋਂ ਕਿਸੇ ਕਿਸਮ ਦਾ ਗ਼ੈਰ ਵਿੱਦਿਅਕ ਕੰਮ ਨਾ ਲੈਣ ਦੇ ਦਾਅਵੇ ਕਰਦੇ ਹਨ, ਦੂਜੇ ਪਾਸੇ ਅਫ਼ਸਰਸ਼ਾਹੀ ਵੱਲੋਂ ਮਨਮਰਜ਼ੀ ਨਾਲ ਵੱਡੀ ਗਿਣਤੀ ’ਚ ਸਿਰਫ ਅਧਿਆਪਕਾਂ ਨੂੰ ਹੀ ਗ਼ੈਰ ਵਿੱਦਿਅਕ ਕੰਮਾਂ ਦੀ ਭੱਠੀ ’ਚ ਝੋਕਿਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਬੀਐੱਲਓਜ਼ ਦੀਆਂ ਡਿਊਟੀਆਂ ਸਮੁੱਚੀਆਂ ਕੱਟੀਆਂ ਜਾਣ ਕਿਉਂਕਿ ਬੀਐੱਲਓ ਪਹਿਲੇ ਹੀ ਦਫਤਰਾਂ ’ਚ ਕੰਮ ਕਰ ਰਹੇ ਹਨ। ਉਨ੍ਹਾਂ ਅਧਿਆਪਕਾਂ ਦੀਆਂ ਡਿਊਟੀਆਂ ਵੀ ਕੱਟੀਆਂ ਜਾਣ ਜਿਨ੍ਹਾਂ ਪਤੀ ਪਤਨੀ ਦੋਵਾਂ ਦੀਆਂ ਡਿਊਟੀਆਂ ਲੱਗੀਆਂ ਹਨ ਉਨ੍ਹਾਂ ’ਚੋਂ ਇਕ ਲੇਡੀ ਅਧਿਆਪਕਾ ਦੀ ਡਿਊਟੀ ਕੱਟੀ ਜਾਵੇ। ਅਧਿਆਪਕਾਂ ਦੀਆਂ ਦੂਰ-ਦੁਰਾਡੇ ਚੋਣਾਂ ’ਚ ਡਿਊਟੀਆਂ ਨਾ ਲਾਈਆਂ ਜਾਣ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਬਲਾਕਾਂ ’ਚ ਹੀ ਚੋਣ ਡਿਊਟੀ ’ਤੇ ਤਾਇਨਾਤ ਕੀਤਾ ਜਾਵੇ।