ਜੇਐੱਨਐੱਨ, ਜਲੰਧਰ : ਸੋਮਵਾਰ ਨੂੰ ਦਿਨ ਢਲਦੇ ਹੀ ਮੌਸਮ ਦਾ ਮਿਜ਼ਾਜ ਬਦਲ ਗਿਆ। ਦਿਨ ਭਰ ਗਰਮੀ ਤੇ ਧੁੱਪ ਦਾ ਸਾਹਮਣਾ ਕਰ ਰਹੇ ਲੋਕਾਂ ਨੇ ਰਾਤ ਨੂੰ ਰਾਹਤ ਦਾ ਸਾਹ ਲਿਆ। ਹਾਲਾਂਕਿ ਅਚਾਨਕ ਚੱਲੀ ਹਨੇਰੀ ਕਾਰਨ ਆਮ ਜਨਜੀਵਨ ਅਸਥ-ਵਿਅਸਥ ਹੋ ਗਿਆ ਅਤੇ ਮਿੱਟੀ-ਘੱਟੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪੂਰੇ ਸ਼ਹਿਰ ਦੀ ਬੱਤੀ ਗੁੱਲ ਹੋਣ ਕਾਰਨ ਜਲੰਧਰ ਵਿਚ ਬਲੈਕਆਊਟ ਵਰਗੀ ਸਥਿਤੀ ਬਣ ਗਈ। ਸ਼ਹਿਰ ਦੀ ਬੱਤੀ ਗੁੱਲ ਹੋਣ ਕਾਰਨ ਮਾਡਲ ਟਾਊਨ, ਗੁਰੂ ਤੇਗ ਬਹਾਦਰ, ਨਿਊ ਗੁਰੂ ਤੇਗ ਬਹਾਦਰ, ਬਸਤੀਆਂ ਦੇ ਇਲਾਕੇ, ਅਬਾਦਪੁਰ, ਭਾਰਗੋ ਕੈੈਂਪ ਮਾਡਲ ਹਾਊਸ, ਗੁਰੂ ਅਰਜਨ ਦੇਵ ਨਗਰ, ਬੂਟਾ ਮੰਡੀ, ਵਡਾਲਾ ਚੌਕ ਤੇ ਆਸ-ਪਾਸ ਦਾ ਇਲਾਕਾ ਹਨੇਰੇ ਵਿਚ ਡੁੱਬ ਗਿਆ।

ਦਰਅਸਲ, ਸੰਗਰਾਂਦ ਵਾਲੇ ਦਿਨ 14 ਅਪ੍ਰੈਲ ਨੂੰ ਦਿਨ ਭਰ ਮੌਸਮ ਗਰਮ ਰਹਿਣ ਤੋਂ ਬਾਅਦ ਰਾਤ ਨੂੰ ਹਲਕੀਆਂ ਹਵਾਵਾਂ ਚੱਲੀਆਂ ਸਨ। ਸੋਮਵਾਰ ਨੂੰ ਦਿਨ ਢਲਦੇ ਹੀ ਚੱਲੀ ਹਨੇਰੀ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ। 14 ਕਿਲੋਮੀਟਰ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਦਿਨ ਵੇਲੇ 36 ਡਿਗਰੀ ਸੈਲਸੀਅਸ ਤਾਪਮਾਨ ਡਿੱਗ ਕੇ 27 ਡਿਗਰੀ ਰਹਿ ਗਿਆ।

ਓਥੇ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਬੂੰਦਾਬਾਂਦੀ ਦੇ ਆਸਾਰ ਹਨ। ਇਸੇ ਤਰ੍ਹਾਂ ਆਸਮਾਨ 'ਚ ਬੱਦਲ ਛਾਏ ਰਹਿਣਗੇ।

35 ਮਿੰਟ ਹਨੇਰੇ 'ਚ ਡੁੱਬਿਆ ਰਿਹਾ ਸਿਵਲ ਹਸਪਤਾਲ

ਸੋਮਵਾਰ ਰਾਤ ਨੂੰ ਹਨੇਰੀ ਕਾਰਨ ਸਿਵਲ ਹਸਪਤਾਲ 35 ਮਿੰਟ ਤਕ ਹਨੇਰੇ 'ਚ ਡੁੱਬਿਆ ਰਿਹਾ। ਇਸ ਦੌਰਾਨ ਡਾਕਟਰਾਂ ਤੇ ਨਰਸਾਂ ਨੇ ਮੋਬਾਈਲਾਂ ਦੀ ਟਾਰਚਾਂ ਨਾਲ ਮਰੀਜ਼ਾਂ ਦਾ ਇਲਾਜ ਕੀਤਾ। ਵਾਰਡਾਂ ਵਿਚ ਵੀ ਘੁੱਪ ਹਨੇਰਾ ਪੱਸਰਿਆ ਰਿਹਾ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਵਿਹੜੇ ਵਿਚ ਆ ਕੇ ਬੈਠ ਗਏ। ਮੌਕੇ 'ਤੇ ਤਾਇਨਾਤ ਡਾ. ਰਾਕੇਸ਼ ਚੋਪੜਾ ਵੱਲੋਂ ਟੈਲੀਫੋਨ ਕਰਨ ਤੋਂ ਬਾਅਦ ਜਨਰੇਟਰ ਆਪ੍ਰਰੇਟਰ ਪਹੁੰਚਿਆ ਤੇ ਜਨਰੇਟਰ ਚੱਲਣ ਤੋਂ ਬਾਅਦ ਹਸਪਤਾਲ ਰੌਸ਼ਨ ਹੋਇਆ।