ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਸਰਕਾਰ ਛੋਟੇ ਕਿਸਾਨਾਂ ਨੂੰ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਾਬਜ਼ਕਾਰ ਸਾਬਤ ਕਰਨ ਦੇ ਨਾਂ 'ਤੇ ਪਰੇਸ਼ਾਨ ਕਰਨਾ ਬੰਦ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਸ਼ਿਆਣਾ ਅਤੇ ਪਰਗਟ ਸਿੰਘ ਸਰਹਾਲੀ ਨੇ ਕੀਤਾ। ਉਹ ਅੱਜ ਪ੍ਰਸ਼ਾਸਨ ਵੱਲੋਂ ਛੋਟੇ ਕਿਸਾਨਾਂ ਕੋਲੋਂ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਵਾਉਣ ਵਿਰੁੱਧ ਪ੍ਰਭਾਵਿਤ ਕਿਸਾਨਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪੁੱਜੇ ਹੋਏ ਸਨ। ਕਿਸਾਨਾਂ ਨੇ ਏਡੀਸੀ (ਦਿਹਾਤੀ ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੂੰ ਮੰਗ-ਪੱਤਰ ਸੌਂਪਿਆ। ਆਗੂਆਂ ਨੇ ਕਿਹਾ ਕਿ ਅਜਿਹੀਆਂ ਜ਼ਮੀਨਾਂ ਜੋ ਕਿਸਾਨਾਂ ਨੇ ਆਪ ਆਬਾਦ ਕੀਤੀਆਂ ਹਨ ਅਤੇ ਆਬਾਦ ਕਰਨ 'ਤੇ ਕਿਸਾਨ ਪਹਿਲਾਂ ਹੀ ਜ਼ਮੀਨ ਦੇ ਮੁੱਲ ਦੀ ਰਕਮ ਖਰਚ ਚੁੱਕੇ ਹਨ। ਜੇ ਸਰਕਾਰ ਹੁਣ ਉਨ੍ਹਾਂ ਕੋਲੋਂ ਜ਼ਮੀਨ ਵਾਪਸ ਲੈਂਦੀ ਹੈ ਤਾਂ ਇਹ ਸਰਾਸਰ ਧੱਕੇਸ਼ਾਹੀ ਹੋਵੇਗੀ। ਇਨ੍ਹਾਂ ਛੋਟੇ ਕਿਸਾਨਾਂ ਦਾ ਰੁਜ਼ਗਾਰ ਇਸ ਜ਼ਮੀਨ ਉੱਪਰੋਂ ਚੱਲਦਾ ਹੈ।

ਜ਼ਿਲ੍ਹਾ ਪ੍ਰਧਾਨ ਮਸ਼ਿਆਣਾ ਨੇ ਦੱਸਿਆ ਕਿ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਪੰਚਾਇਤ ਮੰਤਰੀ ਨਾਲ ਮੀਟਿੰਗ ਹੋਈ। ਮੀਟਿੰਗ 'ਚ ਇਹ ਤੈਅ ਕੀਤਾ ਗਿਆ ਕਿ ਆਬਾਦਕਾਰ ਕਿਸਾਨਾਂ ਤੋਂ ਸਰਕਾਰ ਜ਼ਮੀਨਾਂ ਵਾਪਸ ਨਹੀਂ ਲਏਗੀ। ਫਿਰ ਵੀ ਜਿਹੜੀ ਕੁਝ ਜ਼ਮੀਨ ਸਰਕਾਰ ਨੇ ਛੁਡਵਾਉਣੀ ਹੈ, ਉਸ ਬਾਰੇ ਪੰਦਰਾਂ ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਉਸ ਤੋਂ ਬਾਅਦ ਹੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਮੀਟਿੰਗ ਵਿਚ ਜਿਨ੍ਹਾਂ 'ਤੇ ਗੱਲਾਂ 'ਤੇ ਸਹਿਮਤੀ ਹੋਈ ਹੈ, ਉਨ੍ਹਾਂ ਨੂੰ ਲਾਗੂ ਕੀਤਾ ਜਾਵੇ। ਅਜਿਹੇ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ, ਕਿਉਂਕਿ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ 'ਆਪ' ਸਰਕਾਰ ਦੀ ਮੁਹਿੰਮ ਸਿਆਸੀ ਰੂਪ ਲੈ ਚੁੱਕੀ ਹੈ। ਇਸ 'ਚ ਸਿਆਸੀ ਲੋਕ ਆਪਣੀਆਂ ਕਿੜਾਂ ਕੱਢਣ ਖਾਤਰ ਇਨ੍ਹਾਂ ਛੋਟੇ ਕਿਸਾਨਾਂ ਨੂੰ ਬਲੀ ਦੇ ਬੱਕਰੇ ਬਣਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਦਲਜੀਤ ਸਿੰਘ ਵੇਂਡਲ, ਕਸ਼ਮੀਰ ਸਿੰਘ ਚੱਕ ਖੁਰਦ, ਸੁਖਾ ਚੱਕ ਕਲਾਂ ਆਦਿ ਮੌਜੂਦ ਸਨ।