ਪ੍ਰਿਤਪਾਲ ਸਿੰਘ, ਸ਼ਾਹਕੋਟ: ਪੰਜਾਬ ਵਿਚ ਸ਼ੁੱਕਰਵਾਰ ਨੂੰ ਖੇਤੀ ਆਰਡੀਨੈਂਸਾਂ ਖਿਲਾਫ ਵੱਖ ਵੱਖ ਰਾਜਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਕੇ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦਰਮਿਆਨ ਹੁਣ ਭਾਜਪਾ ਆਗੂਆਂ ਵਲੋਂ ਅਸਤੀਫੇ ਦੇਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਭਾਜਪਾ ਦੀ ਸਟੇਟ ਕਮੇਟੀ ਮੈਂਬਰ ਕਵਿਤਾ ਸਚਦੇਵਾ ਨੇ ਆਪਣੇ ਅਹੁਦੇ ਤੋਂ ਸ਼ੁੱਕਰਵਾਰ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ। ਆਪਣੇ ਫੇਸਬੁੱਕ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਕਵਿਤਾ ਸਚਦੇਵਾ ਨੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ ਦਾ ਐਲਾਨ ਕੀਤਾ। ਲੋਕਾਂ ਵਲੋਂ ਕਮੈਂਟ ਕਰਕੇ ਕਵਿਤਾ ਸਚਦੇਵਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੰਜਾਬ ਦੀ ਧੀ ਕਿਹਾ ਜਾ ਰਿਹਾ ਹੈ।

ਜਦੋਂ ਕਵਿਤਾ ਸਚਦੇਵਾ ਨਾਲ ਅਸਤੀਫੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਸਦ ਵਿਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਵਿਚ ਕਾਫੀ ਖਾਮੀਆਂ ਹਨ ਜਿਸ ਦੀ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਹਿ ਕੇ ਪੰਜਾਬੀਆਂ ਦਾ ਸਾਥ ਨਾ ਦੇਣ ਕਾਰਨ ਉਹ ਸੁਆਰਥੀ ਨਹੀਂ ਕਹਾਉਣਾ ਚਾਹੁੰਦੇ। ਜਿਨ੍ਹਾਂ ਲੋਕਾਂ ਦੀ ਸੇਵਾ ਲਈ ਉਹ ਸਿਆਸਤ ਵਿਚ ਆਏ, ਜੇ ਉਹ ਹੀ ਨਰਾਜ ਹਨ ਤਾਂ ਅਹੁਦਿਆਂ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਦੀ ਮੰਗਾਂ ਭਾਜਪਾ ਸਰਕਾਰ ਨਹੀਂ ਮੰਨੇਗੀ ਤਾਂ ਉਹ ਪਾਰਟੀ ਵੀ ਛੱਡ ਦੇਣਗੇ।

Posted By: Jagjit Singh