ਪਰਮਿੰਦਰ ਸਿੰਘ, ਜਲੰਧਰ : ਸ਼ਾਇਦ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਿਆਸਤਦਾਨ ਨੇ ਆਪਣੀ ਬੇਟੀ ਨਾਲ ਮਿਲ ਕੇ ਕੋਈ ਲੋਕਗੀਤ ਗਾ ਕੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਆਪਣੀ ਬੇਟੀ ਸ਼ੁਭਰਾ ਨਾਲ ਮਿਲ ਕੇ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਇਕ ਲੋਕਗੀਤ ਗਾ ਕੇ ਦਿੱਤੀ ਹੈ। ਇਹ ਲੋਕਗੀਤ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਦੇ ਬੋਲ ' ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਸੁਣ ਕੇ ਦਿਲ ਘਬਰਾਏ ਨੀ, ਨਾਲ ਗੋਲ਼ੀਆਂ ਉੱਡਣ ਬੇਦੋਸ਼ੇ, ਕਈ ਮਾਵਾਂ ਦੇ ਜਾਏ ਨੀ...' ਸੱਚਮੁੱਚ ਹੀ ਇਕ ਵਾਰ ਉਨ੍ਹਾਂ ਬੇਕਸੂਰ ਲੋਕਾਂ ਦੀ ਯਾਦ ਤਾਜ਼ਾ ਕਰਵਾ ਦਿੰਦੇ ਹਨ, ਜੋ ਇਸ ਖ਼ੂਨੀ ਸਾਕੇ 'ਚ ਸ਼ਹੀਦ ਹੋਏ ਸਨ।ਗੀਤ ਦੇ ਬੋਲ ਏਨੇ ਸੋਜ਼ ਭਰੇ ਹਨ ਕਿ ਹਰ ਸੁਣਨ ਵਾਲੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਸ ਖ਼ੂਨੀ ਸਾਕੇ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਦੇ ਮਕਸਦ ਨੂੰ ਮੁੱਖ ਰੱਖਦਿਆਂ ਕਮਲ ਸ਼ਰਮਾ ਨੇ ਆਪਣੀ ਬੇਟੀ ਸ਼ੁਭਰਾ ਨੂੰ ਵੀ ਇਸ ਗੀਤ 'ਚ ਆਪਣੇ ਨਾਲ ਲਿਆ, ਜੋ ਕਿ ਇਸ ਵੇਲੇ ਚੰਡੀਗੜ੍ਹ ਦੇ 27 ਸੈਕਟਰ 'ਚ ਸਥਿਤ 'ਭਵਨ ਵਿਦਿਆਲਿਆ ਸਕੂਲ' ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਉਨ੍ਹਾਂ ਆਪਣੀ ਬੇਟੀ ਨੂੰ ਇਸ ਖ਼ੂਨੀ ਸਾਕੇ ਦੇ 100 ਸਾਲ ਪੂਰੇ ਹੋਣ ਮੌਕੇ ਚੰਡੀਗੜ੍ਹ ਤੋਂ ਅੰਮਿ੍ਤਸਰ ਤਕ ਨਿਕਲੀ ਸਾਈਕਲ ਯਾਤਰਾ 'ਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ ਸੀ।

'ਪੰਜਾਬੀ ਜਾਗਰਣ' ਦੇ ਵਿਹੜੇ ਹੋਈ ਮੁਲਾਕਾਤ ਦੌਰਾਨ ਇਸ ਲੋਕਗੀਤ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਮਲ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਵੱਲ ਰੁਖ਼ ਕਰ ਰਹੀ ਹੈ। ਫਿਰ ਕੁਝ ਸਮਾਂ ਵਿਦੇਸ਼ ਰਹਿਣ ਪਿੱਛੋਂ ਉਨ੍ਹਾਂ ਦੇ ਮਨ 'ਚ ਕਿਤੇ ਨਾ ਕਿਤੇ ਆਪਣੀ ਜਨਮ-ਭੂਮੀ ਬਾਰੇ ਮਾੜੇ ਖ਼ਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਸਭ ਨੂੰ ਵੇਖਦੇ ਹੋਏ ਹੀ ਉਨ੍ਹਾਂ ਇਹ ਲੋਕਗੀਤ ਗਾਇਆ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਜਿਨ੍ਹਾਂ ਦੇਸ਼ਾਂ ਦੀ ਤੁਲਨਾ ਅੱਜ ਅਸੀਂ ਭਾਰਤ ਨਾਲ ਕਰਦੇ ਹਾਂ ਉਨ੍ਹਾਂ ਨੇ ਭਾਰਤ ਵਾਸੀਆਂ 'ਤੇ ਕਿੰਨੇ ਜ਼ੁਲਮ ਕੀਤੇ ਹਨ ਤੇ ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਹੀ ਲੁੱਟ-ਲੁੱਟ ਉਹ ਅਮੀਰ ਹੋਏ ਹਨ।

ਕਮਲ ਸ਼ਰਮਾ ਨੇ ਦੱਸਿਆ ਕਿ ਇਹ ਲੋਕਗੀਤ ਉਨ੍ਹਾਂ ਪਹਿਲੀ ਵਾਰ ਆਰਐੱਸਐੱਸ ਦੀ ਸ਼ਾਖਾ ਦੌਰਾਨ ਬਚਪਨ 'ਚ ਸੁਣਿਆ ਸੀ। ਫਿਰ ਜਦੋਂ 1994 'ਚ ਜਲਿ੍ਹਆਂਵਾਲੇ ਬਾਗ਼ ਦੇ ਸਾਕੇ ਦੇ 75 ਸਾਲ ਪੂਰੇ ਹੋਣ ਮੌਕੇ ਇਸ ਬਾਗ਼ 'ਚ ਇਕ ਪ੍ਰਰੋਗਰਾਮ ਕਰਵਾਇਆ ਗਿਆ ਤਾਂ ਉੱਥੇ ਉਨ੍ਹਾਂ ਪਹਿਲੀ ਵਾਰ ਇਸ ਲੋਕਗੀਤ ਨੂੰ ਗਾਇਆ। ਹੁਣ ਇਸ ਖ਼ੂਨੀ ਸਾਕੇ ਦੇ 100 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੇ ਬਾਗ਼ 'ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਲੋਕਗੀਤ ਨੂੰ ਆਪਣੀ ਬੇਟੀ ਨਾਲ ਮਿਲ ਕੇ ਰਿਕਾਰਡ ਕਰਵਾਇਆ ਹੈ।

ਕਮਲ ਸ਼ਰਮਾ ਅਨੁਸਾਰ ਜਲ੍ਹਿਆਂਵਾਲੇ ਬਾਗ਼ 'ਚ ਹੋਏ ਖ਼ੂਨੀ ਸਾਕੇ ਨੇ ਭਾਰਤ ਦੀ ਆਜ਼ਾਦੀ ਲਈ ਚੱਲ ਰਹੀ ਲਹਿਰ 'ਚ ਨਵਾਂ ਜੋਸ਼ ਭਰਿਆ ਸੀ। ਉਨ੍ਹਾਂ ਕਿਹਾ ਕਿ ਇਸ ਖ਼ੂਨੀ ਸਾਕੇ ਪਿੱਛੇ ਕਿਤੇ ਨਾ ਕਿਤੇ ਇਕ ਵੱਡੀ ਸਾਜ਼ਿਸ਼ ਲੁਕੀ ਹੋਈ ਸੀ। ਇਤਿਹਾਸ 'ਚ ਸ਼ਾਇਦ ਇਹ ਪਹਿਲੀ ਵਾਰ ਸੀ ਕਿ 13 ਅਪ੍ਰੈਲ 1919 ਨੂੰ ਅੰਮਿ੍ਤਸਰ ਦੇ ਜਲਿ੍ਹਆਂਵਾਲੇ ਬਾਗ਼ 'ਚ ਹੋਣ ਵਾਲੇ ਜਲਸੇ 'ਚ ਵੱਖ-ਵੱਖ ਧਰਮਾਂ ਨਾਲ ਜੁੜੇ ਲੋਕਾਂ ਨੇ ਏਨੀ ਵੱਡੀ ਗਿਣਤੀ 'ਚ ਇਕੱਠਿਆਂ ਸ਼ਿਰਕਤ ਕੀਤੀ। ਇਸ ਜਲਸੇ 'ਚ ਹੋਏ ਲੋਕਾਂ ਦੇ ਵੱਡੇ ਇਕੱਠ ਨੂੰ ਵੇਖ ਅੰਗਰੇਜ਼ ਸਰਕਾਰ ਅੰਦਰੋਂ- ਅੰਦਰੀਂ ਬੁਖਲਾ ਗਈ ਸੀ। ਇਸੇ ਬੁਖਲਾਹਟ ਦੇ ਚੱਲਦਿਆਂ ਅੰਗਰੇਜ਼ ਅਫਸਰ ਜਨਰਲ ਡਾਇਰ ਨੇ ਆਪਣੇ ਸੈਨਿਕਾਂ ਕੋਲੋਂ ਇਸ ਬਾਗ਼ 'ਚ ਇਕੱਠੇ ਹੋਏ ਬੇਕਸੂਰ ਲੋਕਾਂ ਉੱਪਰ ਅੰਨ੍ਹੇਵਾਹ ਗੋਲ਼ੀਆਂ ਚਲਵਾ ਦਿੱਤੀਆਂ ਸਨ। ਇਹ ਸਾਰੇ ਲੋਕ ਤਾਂ ਸ਼ਾਂਤਮਈ ਢੰਗ ਨਾਲ ਅੰਗਰੇਜ਼ ਸਰਕਾਰ ਤੇ ਰੋਲਟ ਐਕਟ ਦਾ ਵਿਰੋਧ ਕਰਨ ਲਈ ਇਸ ਬਾਗ਼ 'ਚ ਇਕੱਤਰ ਹੋਏ ਸਨ। ਉਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਜਨਰਲ ਡਾਇਰ ਨੇ ਆਪਣੀ ਇਸ ਗ਼ਲਤੀ ਨੂੰ ਮੰਨਣ ਦੀ ਬਜਾਏ ਬਾਹਦਰੀ ਦਾ ਕੰਮ ਦੱਸਿਆ ਸੀ। ਇਸ ਇਤਿਹਾਸਕ ਖ਼ੂਨੀ ਸਾਕੇ ਬਾਰੇ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਾਂਹ ਵੀ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇਣ ਦੇ ਨਾਲ-ਨਾਲ ਕੁਝ ਅਜਿਹੇ ਦੇਸ਼ ਭਗਤੀ ਵਾਲੇ ਗੀਤ ਵੀ ਰਿਕਾਰਡ ਕਰਵਾਏ ਜਾਣ ਜਿਨ੍ਹਾਂ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਮਹਾਨ ਦੇਸ਼-ਭਗਤਾਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਹਮੇਸ਼ਾ ਚੇਤਾ ਰਹੇ।