ਜੇਐੱਨਐੱਨ, ਜਲੰਧਰ : ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਪੰਜਾਬ ਸਰਕਾਰ ਦੇ 4 ਸਾਲ ਦੇ ਕਾਰਜਕਾਲ ਨੂੰ ਪੂਰੀ ਤਰ੍ਹਾਂ ਨਾਲ ਫੇਲ੍ਹ ਦੱਸਿਆ ਹੈ। ਜਲੰਧਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਕਾਰਜਕਾਲ ਦੇ 4 ਸਾਲ ਜਨਤਾ ਦੇ ਹਿੱਤ 'ਚ ਰਹੇ ਹਨ ਤੇ 85 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਗਏ ਹਨ। ਇਹ ਦਾਅਵਾ ਬੇਹੱਦ ਹਾਸੋਹੀਨ ਹੈ ਕਿਉਂਕਿ ਜਨਤਾ ਨਾਲ ਕੀਤੇ ਗਏ ਵਾਅਦਿਆਂ 'ਚੋਂ ਇਕ ਵੀ ਪੂਰਾ ਨਹੀਂ ਹੋਇਆ ਹੈ। ਮਿੱਤਲ ਨੇ ਕਿਹਾ ਕਿ ਨਾ ਨਸ਼ਾ ਸਪਲਾਈ ਰੋਕੀ ਗਈ ਤੇ ਨਾ ਹੀ ਕਿਸਾਨਾਂ ਦੇ ਕਰਜ਼ ਮਾਫ਼ ਹੋਏ ਹਨ। ਇੱਥੇ ਤਕ ਕਿ ਨੌਜਵਾਨਾਂ ਨਾਲ ਉਨ੍ਹਾਂ ਦੇ ਘਰ-ਘਰ ਨੌਕਰੀ, ਮੋਬਾਈਲ ਸਮੇਤ ਕਈ ਵਾਅਦੇ ਅੱਜ ਵੀ ਪੂਰਾ ਹੋਣ ਦੇ ਇੰਤਜ਼ਾਰ 'ਚ ਹਨ।

'ਸਾਜ਼ਿਸ਼ ਤਹਿਤ ਹੋਇਆ ਵਿਧਾਇਕ ਅਰੁਣ ਨਾਰੰਗ 'ਤੇ ਹਮਲਾ'

ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ 'ਤੇ ਹਮਲੇ ਨੂੰ ਸਾਜ਼ਿਸ਼ ਦੱਸਦਿਆਂ ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਸੁਸ਼ੀਲ ਸ਼ਰਮਾ ਮਹਿੰਦਰ ਭਗਤ ਨੇ ਕਿਹਾ ਇਸ ਲਈ ਸੂਬੇ ਦੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਬੇਸ਼ਕ ਹਮਲੇ 'ਚ ਕਿਸਾਨਾਂ ਨੂੰ ਮੁਲਜ਼ਮ ਬਣਾਇਆ ਜਾ ਰਿਹਾ ਹੈ ਪਰ ਅਸਲੀਅਤ 'ਚ ਕਿਸਾਨਾਂ ਦਾ ਇਸ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੀ ਇਹੀ ਚਾਹੁੰਦੀ ਹੈ ਕਿ ਕਿਸਾਨਾਂ ਦੇ ਮੁੱਦੇ ਹੱਲ ਹੋ ਜਾਣ।

Posted By: Amita Verma