ਰਾਕੇਸ਼ ਗਾਂਧੀ, ਜਲੰਧਰ : ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਭੋਤੂੰ ਗੈਂਗ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਹਾਲੇ ਕੁਝ ਦਿਨ ਪਹਿਲਾਂ ਵਾਲਮੀਕਿ ਗੇਟ ਲਾਗੇ ਸਥਿਤ ਇੱਕ ਬੈਕਰੀ ਦੇ ਬਾਹਰੋਂ ਇੱਕ ਵਿਅਕਤੀ ਦੀ ਗੱਡੀ ਵਿੱਚੋਂ ਉਸ ਵੱਲੇ ਬੈਗ ਕੱਢ ਲਿਆ ਸੀ ਜਦ ਉਹ ਬੇਕਰੀ ਅੰਦਰ ਪਾਣੀ ਦੀ ਬੋਤਲ ਲੈਣ ਲਈ ਗਿਆ ਸੀ। ਹਾਲੇ ਉਕਤ ਵਾਰਦਾਤ ਨੂੰ ਪੁਲਸ ਹੱਲ ਵੀ ਨਹੀਂ ਕਰ ਸਕੀ ਸੀ ਕਿ ਭੋਤੂੰ ਗੈਂਗ ਨੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਲੈਬ ਮਾਲਕ ਦੀ ਇਨੋਵਾ ਗੱਡੀ ਵਿੱਚੋਂ ਰੁਪਈਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਭੱਟੀ ਵਾਸੀ ਜਮਸ਼ੇਰ ਖਾਸ ਨੇ ਦੱਸਿਆ ਕਿ ਉਹ ਜੈਰਥ ਲੈਬ ਮਾਡਲ ਟਾਊਨ ਦੇ ਮਾਲਿਕ ਪ੍ਰਸ਼ਾਂਤ ਜੈਰਥ ਦੀ ਇਨੋਵਾ ਗੱਡੀ ਦਾ ਡਰਾਈਵਰ ਹੈ। ਮੰਗਲਵਾਰ ਸ਼ਾਮ ਉਹ ਆਪਣੇ ਮਾਲਿਕ ਨਾਲ ਲੁਧਿਆਣਾ ਗਿਆ ਸੀ ਅਤੇ ਸ਼ਾਮ ਵੇਲੇ ਉਨ੍ਹਾਂ ਵਾਪਸ ਆ ਕੇ ਗੱਡੀ ਲੈਬ ਦੇ ਬਾਹਰ ਖੜ੍ਹੀ ਕੀਤੀ ਅਤੇ ਉਹ ਲੈਬ ਅੰਦਰ ਚਲੇ ਗਏ। ਕੁਝ ਸਮੇਂ ਬਾਅਦ ਗੱਡੀ ਦਾ ਅਲਾਰਮ ਵੱਜਿਆ ਤਾਂ ਉਹ ਬਾਹਰ ਭੱਜੇ ਭੱਜੇ ਆਏ ਤਾਂ ਇਨੋਵਾ ਗੱਡੀ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਅਤੇ ਅੰਦਰ ਪਿਆ ਬੈਗ ਜਿਸ ਵਿੱਚ ਤਕਰੀਬਨ ਇੱਕ ਲੱਖ ਰੁਪਏ ਨਗਦ ਸਨ ਗਾਇਬ ਸੀ।ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੀ ਪੁਲਿਸ ਲਾਗੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Posted By: Jagjit Singh