ਜਤਿੰਦਰ ਪੰਮੀ, ਜਲੰਧਰ

ਸ਼ਨਿੱਚਰਵਾਰ ਨੂੰ 120 ਫੁੱਟੀ ਰੋਡ 'ਤੇ ਰੇਹੜੀਆਂ ਵਾਲਿਆਂ ਕੂੜਾ ਸੁੱਟਣ ਤੇ ਰੇਹੜੀਆਂ ਸੜਨ ਤੋਂ ਬਾਅਦ ਹੋਏ ਹੰਗਾਮੇ ਦੇ ਮਾਮਲੇ 'ਚ ਐਤਵਾਰ ਨੂੰ ਸ਼ਾਂਤੀ ਰਹਿਣ ਤੋਂ ਬਾਅਦ ਸੋਮਵਾਰ ਸਵੇਰੇ 45 ਨੰਬਰ ਵਾਰਡ ਦੀ ਕੌਂਸਲਰ ਜਸਪਾਲ ਕੌਰ ਭਾਟੀਆ ਦੇ ਪਤੀ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਅਣਪਛਾਤੇ ਨੰਬਰ ਤੋਂ ਕਿਸੇ ਨੇ ਧਮਕੀ ਦਿੱਤੀ। ਧਮਕੀ ਮਿਲਣ ਤੋਂ ਬਾਅਦ ਭਾਟੀਆ ਨੇ ਏਸੀਪੀ ਵੈਸਟ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਥਾਣਾ ਡਵੀਜ਼ਨ ਪੰਜ ਵਿਚੋਂ ਪੁਲਿਸ ਮੁਲਾਜ਼ਮਾਂ ਨੂੰ ਭਾਟੀਆ ਦੇ ਘਰ ਤੇ ਦਫਤਰ ਦੇ ਬਾਹਰ ਤਾਇਨਾਤ ਕਰ ਦਿੱਤਾ। ਓਧਰ ਨਿਗਮ ਸਫਾਈ ਮਜ਼ਦੂਰ ਯੂਨੀਅਨ ਨੇ ਆਪਣੇ ਆਗੂ ਚੰਦਨ ਗਰੇਵਾਲ ਦੀ ਅਗਵਾਈ ਮੀਟਿੰਗ ਕੀਤੀ ਅਤੇ ਸਫਾਈ ਕਾਮਿਆਂ 'ਤੇ ਵੱਧ ਰਹੇ ਸਿਆਸੀ ਦਬਾਅ ਤੇ ਧੱਕੇਸ਼ਾਹੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਸਫਾਈ ਦਾ ਕੰਮ ਵਿਚ ਸਿਆਸੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਥੇ ਦੱਸਣਯੋਗ ਹੈ ਕਿ ਲੰਘੇ ਸ਼ਨਿੱਚਰਵਾਰ ਨੂੰ ਵਾਰਡ ਨੰਬਰ 45 'ਚ ਨਿੱਜੀ ਤੌਰ 'ਤੇ ਕੂੜਾ ਚੁੱਕਣ ਵਾਲਿਆਂ ਨੇ 120 ਫੁੱਟੀ ਰੋਡ 'ਤੇ ਕੂੜਾ ਸੁੱਟ ਦਿੱਤਾ ਸੀ, ਜਿਸ ਦਾ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਉਕਤ ਰੇਹੜੀਆਂ ਨੂੰ ਅੱਗ ਲੱਗ ਗਈ ਸੀ, ਜਿਸ ਦਾ ਦੋਸ਼ ਰੇਹੜੀ ਵਾਲਿਆਂ ਨੇ ਭਾਟੀਆ 'ਤੇ ਲਾਇਆ ਸੀ। ਓਧਰ ਭਾਟੀਆ ਨੇ ਕਿਹਾ ਸੀ ਕਿ ਜਦੋਂ ਉਹ ਉਥੇ ਪੁੱਜੇ ਸਨ ਤਾਂ ਰੇਹੜੀਆਂ ਨੂੰ ਅੱਗ ਲੱਗੀ ਹੋਈ ਸੀ। ਇਸ ਮਾਮਲੇ ਕਾਰਨ ਕਾਫੀ ਹੰਗਾਮਾ ਹੋਇਆ ਸੀ। ਐਤਵਾਰ ਦਾ ਦਿਨ ਇਸ ਸਬੰਧੀ ਕੋਈ ਗੱਲ ਨਹੀਂ ਹੋਈ ਪਰ ਸੋਮਵਾਰ ਸਵੇਰੇ ਕਿਸੇ ਅਣਪਛਾਤੇ ਵਿਅਕਤੀ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਫੋਨ ਕਰਕੇ ਧਮਕੀ ਦਿੱਤੀ ਸੀ ਕਿ ਉਸ ਨਾਲ ਨਜਿੱਠਿਆ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਫੋਨ ਆਉਣ ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਏਸੀਪੀ ਵੈਸਟ ਨੂੰ ਦਿੱਤੀ ਸੀ, ਜਿਨ੍ਹਾਂ ਨੂੰ ਸੁਰੱਖਿਆ ਦੇ ਪ੍ਰਬੰਧ ਕੀਤੇ ਪਰ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਭਾਟੀਆ ਨੇ ਕਿਹਾ ਕਿ ਉਨ੍ਹਾਂ ਦਾ ਸਫਾਈ ਯੂਨੀਅਨ ਜਾਂ ਮੁਲਾਜ਼ਮਾਂ ਨਾਲ ਕੋਈ ਟਕਰਾਅ ਨਹੀਂ ਹੈ। ਉਨ੍ਹਾਂ ਨੇ ਨਿੱਜੀ ਤੌਰ 'ਤੇ ਘਰਾਂ 'ਚੋਂ ਕੂੜਾ ਚੁੱਕਣ ਵਾਲੇ ਰੇਹੜੀ ਵਾਲਿਆਂ ਨੂੰ 120 ਫੁੱਟੀ ਰੋਡ 'ਤੇ ਕੂੜਾ ਸੁੱਟਣ ਤੋਂ ਰੋਕਿਆ ਸੀ, ਜਿਥੇ ਕਿ ਨਿਗਮ ਦਾ ਡੰਪ ਨਹੀਂ ਹੈ। ਇਸ ਲਈ ਉਹ ਬਾਹਰਲੇ ਵਾਰਡ 'ਚੋਂ ਚੁੱਕਿਆ ਗਿਆ ਕੂੜਾ ਆਪਣੇ ਵਾਰਡ 'ਚ ਨਹੀਂ ਸੁੱਟਣ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਗਮ ਸਫਾਈ ਮੁਲਾਜ਼ਮ ਯੂਨੀਅਨ ਵੱਲੋਂ ਇਸ ਘਟਨਾ ਨੂੰ ਆਪਣੇ ਨਾਲ ਜੋੜ ਲੈਣ ਕਾਰਨ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ, ਸੀਨੀਅਰ ਆਗੂ ਬਲਜੀਤ ਸਿੰਘ ਨੀਲਾਮਹਿਲ, ਅਮਰਜੀਤ ਸਿੰਘ ਕਿਸ਼ਨਪੁਰਾ, ਅਵਤਾਰ ਸਿੰਘ ਘੁੰਮਣ ਤੇ ਸੁਭਾਸ਼ ਸੋਂਧੀ ਇਕੱਠੇ ਹੋ ਕੇ ਯੂਨੀਅਨ ਆਗੂ ਚੰਦਨ ਗਰੇਵਾਲ ਤੇ ਹੋਰਨਾਂ ਨੂੰ ਮਿਲੇ ਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਧਿਰਾਂ ਪੁਲਿਸ 'ਚ ਸ਼ਿਕਾਇਤ ਨਹੀਂ ਕਰਨਗੀਆਂ ਤੇ ਇਕ-ਦੋ ਦਿਨ ਤਕ ਮੇਅਰ ਤੇ ਨਿਗਮ ਕਮਿਸ਼ਨਰ ਨਾਲ ਮੀਟਿੰਗ ਕਰਕੇ ਕੂੜਾ ਸੁੱਟਣ ਦਾ ਹੱਲ ਕੱਿਢਆ ਜਾਵੇਗਾ। ਭਾਟੀਆ ਨੇ ਦੱਸਿਆ ਕਿ ਇਸ ਦੌਰਾਨ ਉਹ ਹਲਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ। ਵਿਧਾਇਕ ਰਿੰਕੂ ਨੇ ਵੀ ਨਿਗਮ ਕਮਿਸ਼ਨਰ ਨੂੰ ਫੋਨ ਕਰ ਕੇ ਮਾਮਲਾ ਹੱਲ ਕਰਨ ਲਈ ਕਿਹਾ।

ਓਧਰ ਨਿਗਮ ਸਫਾਈ ਯੂਨੀਅਨ ਦੀ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲਲ ਨੇ ਕਿਹਾ ਕਿ ਕੋਈ ਵੀ ਪਾਰਟੀ ਚਾਹੇ ਉਹ ਅਕਾਲੀ-ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਹੋਵੇ, ਸਫਾਈ ਮੁਲਾਜ਼ਮਾਂ 'ਤੇ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਨਾ ਕਰੇ। ਜੇ ਕਿਸੇ ਨੂੰ ਸਫ਼ਾਈ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਸਫਾਈ ਮੁਲਾਜ਼ਮ ਭਰਤੀ ਕਰਨ ਲਈ ਕਹਿਣ। ਇਸ ਮੀਟਿੰਗ 'ਚ ਨਰੇਸ਼ ਪ੍ਰਧਾਨ, ਬੰਟੂ ਸੱਭਰਵਾਲ, ਡਾ. ਅਸ਼ਵਨੀ ਹੰਸ, ਦੇਵਾਨੰਦ ਥਾਪਰ, ਵਿਨੋਦ ਗਿੱਲ, ਅਸ਼ੋਕ ਭੀਲ, ਨੰਦ ਰਾਣੀ ਸੱਭਰਵਾਲ, ਸ਼ਸ਼ੀ ਸਹੋਤਾ, ਭਾਰਤੀ ਕਲਿਆਣ, ਜਤਿੰਦਰ ਟੀਟੂ, ਅਸ਼ਵਨੀ ਮੱਟੂ, ਵਿਜੇ ਕੁਮਾਰ, ਸੋਮਨਾਥ, ਰਾਜਨ ਹੰਸ ਤੇ ਹੋਰ ਹਾਜ਼ਰ ਸਨ।