ਨਿਆਂ ਦਾ ਮਜ਼ਬੂਤ ਆਧਾਰ ਸੰਵਿਧਾਨ : ਪ੍ਰੋ. ਮਨਜੀਤ ਸਿੰਘ
ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦਾ 70ਵਾਂ ਪਰਿਨਿਰਵਾਣ ਦਿਵਸ ਧੂਮ ਧਾਮ ਨਾਲ ਮਨਾਇਆ
Publish Date: Tue, 09 Dec 2025 07:25 PM (IST)
Updated Date: Tue, 09 Dec 2025 07:27 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਭਵਨ ਟਰੱਸਟ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 70ਵਾਂ ਪ੍ਰੀਨਿਰਵਾਣ ਦਿਵਸ ਧੂਮਧਾਮ ਨਾਲ ਮਨਾਇਆ। ਮੁੱਖ ਬੁਲਾਰੇ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ. ਮਨਜੀਤ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਟਰੱਸਟੀ ਹਰਮੇਸ਼ ਜੱਸਲ ਵੱਲੋਂ ਬੁੱਧ ਵੰਦਨਾ ਤੇ ਪੰਚਸ਼ੀਲ ਪਾਠ ਨਾਲ ਕੀਤੀ ਗਈ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਨੇ ਇਕ ਹਾਸ਼ੀਆ ਵਰਗ ਤੋਂ ਉੱਠ ਕੇ ਭਾਰਤੀ ਸੰਵਿਧਾਨ ਰਚਿਆ, ਜੋ ਸਮਾਨਤਾ, ਸੁਤੰਤਰਤਾ ਤੇ ਨਿਆਂ ਦਾ ਮਜ਼ਬੂਤ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ ਅੰਬੇਡਕਰ ਨੇ ਵਰਣ ਤੇ ਜਾਤ-ਪਾਤ ਵੈਰ-ਵਿਵਸਥਾ ’ਤੇ ਸਭ ਤੋਂ ਕਰਾਰਾ ਹਮਲਾ ਕੀਤਾ ਪਰ ਉੱਚ ਵਰਗਾਂ ਦੀ ਸੋਚ ’ਚ ਇਸ ਦਾ ਪ੍ਰਭਾਵ ਅਜੇ ਵੀ ਮੌਜੂਦ ਹੈ। ਪ੍ਰੋਫੈਸਰ ਨੇ ਕਿਸਾਨ ਅਤੇ ਵਿਦਿਆਰਥੀ ਅੰਦੋਲਨਾਂ ਦੀ ਸਫਲਤਾ ਦਾ ਵੀ ਜ਼ਿਕਰ ਕੀਤਾ। ਟਰੱਸਟ ਦੇ ਜਨਰਲ ਸਕੱਤਰ ਡਾ. ਜੀਸੀ ਕੌਲ ਤੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਅੰਬੇਡਕਰ ਦੀ ਵਿਚਾਰਧਾਰਾ ਅੱਜ ਵਿਸ਼ਵ ਪੱਧਰ ’ਤੇ ਫੈਲ ਰਹੀ ਹੈ। ਚੇਅਰਮੈਨ ਸੋਹਨ ਲਾਲ ਨੇ ਕਿਹਾ ਕਿ ਸੰਵਿਧਾਨ ਰਾਹੀਂ ਅੰਬੇਡਕਰ ਨੇ ਦੇਸ਼ ’ਚ ਸਮਾਨਤਾ ਤੇ ਵਿਗਿਆਨਿਕ ਸੋਚ ਨੂੰ ਮਜ਼ਬੂਤ ਕੀਤਾ ਤੇ ਖੇਤੀਬਾੜੀ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਦਿੱਤਾ। ਸਮਾਗਮ ’ਚ ਚਰਨ ਦਾਸ ਸੰਧੂ, ਬੀਬੀ ਮਹਿੰਦੋ ਰੱਤੂ ਸਮੇਤ ਕਈ ਬੁੱਧੀਜੀਵੀ ਤੇ ਸਮਾਜ ਸੇਵੀ ਮੌਜੂਦ ਸਨ।