ਜੇਐੱਨਐੱਨ, ਨਵੀਂ ਦਿੱਲੀ: ਪੰਜ ਵਾਰ ਪੰਜਾਬ ਦੇ ਮੁੱਖਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ 'ਭਈਆ' ਸ਼ਬਦ ਨੂੰ ਲੈਕੇ ਕੀਤੀ ਗਈ ਟਿੱਪਣੀ 'ਤੇ ਇਤਰਾਜ਼ ਜਤਾਇਆ ਹੈ। ਲੰਬੀ ਦੇ ਪਿੰਡ ਮੈਹਨਾ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ, ਇਹ ਗਲਤ ਗੱਲ ਹੈ। ਇੰਝ ਤਾਂ ਦੇਸ਼ ਦੇ ਹੋਰ ਸੂਬਿਆਂ 'ਚ ਬੈਠੇ ਪੰਜਾਬੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਪੰਜਾਬੀ ਬਹੁਤ ਵੱਡੀ ਗਿਣਤੀ 'ਚ ਦੇਸ਼ ਦੋ ਹੋਰ ਸੂਬਿਆਂ 'ਚ ਰਹਿ ਕੇ ਆਪਣਾ ਕਾਰੋਬਾਰ ਕਰ ਰਹੇ ਹਨ। ਸਾਰੇ ਇਨਸਾਨ ਇਕ ਸਮਾਨ ਹਨ ਤੇ ਕਿਸੇ 'ਚ ਵੀ ਕੋਈ ਫਰਕ ਨਹੀਂ ਹੈ।

ਭਈਆ ਵਿਵਾਦ ਅਮਰੀਕਾ ਦੇ ਕਾਲੇ ਮੁੱਦੇ ਵਾਂਗ : ਤਿਵਾੜੀ

ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਭਈਆ ਵਿਵਾਦ ਅਮਰੀਕਾ ਦੇ ਕਾਲੇ ਮੁੱਦੇ ਵਾਂਗ ਹੈ। ਇਹ ਹਰੀ ਕ੍ਰਾਂਤੀ ਦੀ ਸ਼ੁਰੂਆਤ 'ਚ ਪੰਜਾਬ ਆਏ ਪ੍ਰਵਾਸੀਆਂ ਦੇ ਵਿਰੁੱਧ ਇੱਕ ਮੰਦਭਾਗੀ ਪ੍ਰਣਾਲੀਗਤ ਤੇ ਸੰਸਥਾਗਤ ਸਮਾਜਿਕ ਪੱਖਪਾਤ ਨੂੰ ਦਰਸਾਉਂਦਾ ਹੈ। ਮੇਰੀ ਮਾਂ ਜੱਟ ਸਿੱਖ ਸੀ। ਮੇਰੇ ਪਿਤਾ ਜੀ ਪੰਜਾਬ ਦੀ ਸਿਆਸਤ ਦੇ ਉੱਘੇ ਆਗੂ ਸਨ। ਉਨ੍ਹਾਂ ਨੇ ਆਪਣਾ ਜੀਵਨ ਪੰਜਾਬੀ-ਪੰਜਾਬੀਅਤ, ਹਿੰਦੂ-ਸਿੱਖ ਏਕਤਾ ਲਈ ਸਮਰਪਿਤ ਕਰ ਦਿੱਤਾ। ਇਸ ਦੇ ਬਾਵਜੂਦ, ਮੇਰੇ ਉਪਨਾਮ ਕਾਰਨ, ਮੈਨੂੰ ਪਿੱਠ ਪਿੱਛੇ ਕਿਹਾ ਜਾਂਦਾ ਹੈ, 'ਏਹ ਭਈਆ ਕਿਥੋ ਆ ਗਿਆ' ਇਹ ਪੰਜਾਬੀ ਦੇ ਗਾਲਾਂ ਵਿੱਚੋਂ ਇੱਕ ਹੈ। ਸਾਨੂੰ ਇਸ ਨੂੰ ਜੜ੍ਹੋਂ ਪੁੱਟਣਾ ਪਵੇਗਾ। ਅਜਿਹੇ ਵਿਚਾਰਾਂ ਨੂੰ ਪੰਜਾਬ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ 'ਚ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਰਾਸ਼ਟਰ ਨਿਰਮਾਣ 'ਚ ਯੂਪੀ ਬਿਹਾਰ ਦੀ ਮਹੱਤਵਪੂਰਨ ਭੂਮਿਕਾ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲੁਧਿਆਣਾ 'ਚ ਚੰਨੀ ਦੇ ਇਤਰਾਜ਼ਯੋਗ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਨਿਰਮਾਣ 'ਚ ਯੂਪੀ ਤੇ ਬਿਹਾਰ ਦੇ ਲੋਕਾਂ ਦਾ ਅਹਿਮ ਯੋਗਦਾਨ ਹੈ। ਕਾਂਗਰਸ ਸ਼ੁਰੂ ਤੋਂ ਹੀ ਪਾੜੋ ਤੇ ਰਾਜ ਕਰੋ 'ਚ ਵਿਸ਼ਵਾਸ ਰੱਖਦੀ ਹੈ। ਚੰਨੀ ਦੇ ਬਿਆਨ ਤੋਂ ਇਹੀ ਪਤਾ ਲੱਗਦਾ ਹੈ।

Posted By: Sandip Kaur