ਜਗਜੀਤ ਬੁੱਟਰ, ਜਲੰਧਰ : ਡੇਰਾ ਸੱਚਾ ਸੌਦਾ ਦੇ ਦੂਜੇ ਮੁਖੀ ਸੰਤ ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਹਾੜਾ 25 ਜਨਵਰੀ ਦਿਨ ਬੁੱਧਵਾਰ ਨੂੰ ਡੇਰੇ ਦੇ ਸਿਰਸਾ ਹੈੱਡਕੁਆਰਟਰ ਵਿਖੇ ਸਵੇਰੇ 11 ਵਜੇ ਮਨਾਇਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇਹ ਪ੍ਰੋਗਰਾਮ ਪੰਜ ਸਾਲ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਹਾਜ਼ਰੀ ਵਿਚ ਹੋ ਰਿਹਾ ਹੈ। ਉਂਝ ਡੇਰੇ ਦੇ ਇਤਿਹਾਸ ਵਿਚ 25 ਜਨਵਰੀ ਦਾ ਦਿਨ ਖਾਸ ਮਹੱਤਵ ਰੱਖਦਾ ਹੈ। 1990 ਤੋਂ ਡੇਰਾ ਪੈਰੋਕਾਰ ਇਸ ਦਿਨ ਨੂੰ ਧੂਮਧਾਮ ਨਾਲ ਮਨਾਉਂਦੇ ਰਹੇ ਹਨ ਪਰ ਪੰਚਕੂਲਾ ਕਾਂਡ ਤੋਂ ਬਾਅਦ ਇਹ ਪ੍ਰੋਗਰਾਮ ਥੋੜ੍ਹਾ ਸੀਮਤ ਹੋ ਕੇ ਰਹਿ ਗਿਆ ਸੀ। ਮੌਜੂਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 40 ਦਿਨਾਂ ਦੀ ਪੈਰੋਲ ਮਿਲਣ ਕਾਰਨ ਇਸ ਵਾਰ ਡੇਰਾ ਪੈਰੋਕਾਰਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।

ਸ਼ਾਹ ਸਤਿਨਾਮ ਸਿੰਘ ਦਾ ਬਠਿੰਡਾ ਜ਼ਿਲ੍ਹੇ ਨਾਲ ਹੈ ਖ਼ਾਸ ਨਾਤਾ

ਡੇਰਾ ਸੱਚਾ ਸੌਦਾ ਸਿਰਸਾ ਦੇ ਦੂਜੇ ਮੁਖੀ ਸ਼ਾਹ ਸਤਿਨਾਮ ਸਿੰਘ ਦਾ ਬਠਿੰਡਾ ਜ਼ਿਲ੍ਹੇ ਨਾਲ ਖ਼ਾਸ ਸਬੰਧ ਰਿਹਾ ਹੈ। ਉਨ੍ਹਾਂ ਦਾ ਜੱਦੀ ਪਿੰਡ ਜਲਾਲਆਣਾ, ਬਠਿੰਡਾ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਨਾਨਕਾ ਪਿੰਡ ਜੀਵਨ ਸਿੰਘ ਵਾਲਾ ਵੀ ਬਠਿੰਡਾ ਜ਼ਿਲ੍ਹੇ ਵਿਚ ਪੈਂਦਾ ਹੈ ਅਤੇ ਸਹੁਰਾ ਪਿੰਡ ਬਹਿਣੀਵਾਲ ਵੀ ਇਸੇ ਜ਼ਿਲ੍ਹੇ ਵਿੱਚ ਪੈਂਦਾ ਹੈ। ਸ਼ਾਹ ਸਤਿਨਾਮ ਸਿੰਘ ਨੇ ਬਠਿੰਡਾ ਵਿਚ ਹੀ ਕਈ ਸਤਿਸੰਗ ਕੀਤੇ ਹਨ। ਇਹੀ ਕਾਰਨ ਹੈ ਮਾਲਵਾ ਦੇ ਵੱਡੀ ਗਿਣਤੀ ਲੋਕ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਡੇਰੇ ਨਾਲ ਜੁੜੇ।

11 ਲੱਖ ਤੋਂ ਵੱਧ ਲੋਕਾਂ ਦੀਆਂ ਛੁਡਵਾਈਆਂ ਬੁਰਾਈਆਂ

ਸ਼ਾਹ ਸਤਿਨਾਮ ਸਿੰਘ ਦਾ ਜਨਮ 25 ਜਨਵਰੀ 1919 ਨੂੰ ਪਿੰਡ ਜਲਾਲਆਣਾ, ਤਹਿਸੀਲ ਡੱਬਵਾਲੀ ਵਰਤਮਾਨ ‘ਚ (ਕਾਲਾਂਵਾਲੀ) ਜ਼ਿਲ੍ਹਾ ਸਰਸਾ ਵਿਖੇ ਮਾਤਾ ਆਸ ਕੌਰ ਅਤੇ ਪਿਤਾ ਵਰਿਆਮ ਸਿੰਘ ਸਿੱਧੂ ਦੇ ਘਰ ਹੋਇਆ। ਉਹ ਇਕਲੌਤੀ ਸੰਤਾਨ ਸਨ ਅਤੇ 18 ਸਾਲਾਂ ਬਾਅਦ ਹੋਏ ਸਨ। ਬਚਪਨ ਵਿੱਚ ਉਨ੍ਹਾਂ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਮੁੜਿਆ ਸੀ। ਉਹ 1960 ਤੋਂ 1990 ਤੱਕ ਡੇਰੇ ਦੇ ਦੂਜੇ ਮੁਖੀ ਰਹੇ। ਇਸ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਆਦਿ ਸੂਬਿਆਂ ‘ਚ ਦੂਰ-ਦੂਰ ਤੱਕ ਪਿੰਡਾਂ-ਸ਼ਹਿਰਾਂ, ਕਸਬਿਆਂ ‘ਚ ਹਜ਼ਾਰਾਂ ਸਤਿਸੰਗ ਲਗਾ ਕੇ 11 ਲੱਖ ਤੋਂ ਵੀ ਵੱਧ ਲੋਕਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਤੋਂ ਮੁਕਤ ਕੀਤਾ।

ਉਨ੍ਹਾਂ ਨੇ ਡੇਰੇ ਵਿ‘ਚ ਬਿਨਾਂ ਦਾਨ ਦਹੇਜ ਵਿਆਹ ਦੀ ਪਰੰਪਰਾ ਚਲਾਈ ਜੋ ਅੱਜ ਵੀ ਜਿਉਂ ਦੀ ਤਿਉਂ ਚੱਲ ਰਹੀ ਹੈ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਨੌਜਵਾਨ ਲੜਕੇ-ਲੜਕੀਆਂ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਬੰਧਨ ‘ਚ ਬੱਝਦੇ ਹਨ। ਉਨ੍ਹਾਂ ਨੇ ਆਪ ਜੀ ਨੇ ਸਾਧ-ਸੰਗਤ ਨੂੰ ਰੂੜ੍ਹੀਵਾਦੀ ਕੁਰੀਤੀਆਂ ਲੋਕ-ਦਿਖਾਵੇ ਦੀਆਂ ਰਸਮਾਂ ਰਿਵਾਜ਼ਾਂ (ਬਜ਼ੁਰਗਾਂ ਦੀ ਮੌਤ ‘ਤੇ ਬੱਚਿਆਂ ਦੇ ਜਨਮ ‘ਤੇ) ਫਜ਼ੂਲ ਖਰਚੀ ਖਿਲਾਫ਼ ਜਾਗਰੂਕ ਕੀਤਾ ਛੋਟਾ ਪਰਿਵਾਰ ਸੁਖੀ ਪਰਿਵਾਰ, ਪਰਿਵਾਰ ਨੂੰ ਸੀਮਤ ਰੱਖਣ, ਬੱਚਿਆਂ ਨੂੰ ਚੰਗੀ ਸਿੱਖਿਆ, ਚੰਗੀ ਸੰਭਾਲ ਦੀਆਂ ਸਿੱਖਿਆਵਾਂ ਦਿੱਤੀਆਂ। 23 ਸਤੰਬਰ 1990 ਨੂੰ ਉਨ੍ਹਾਂ ਨੇ ਮੌਜ਼ੂਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਡੇਰੇ ਦੀ ਵਾਗਡੋਰ ਸੌਂਪੀ ਅਤੇ 18 ਮਹੀਨੇ ਖ਼ੁਦ ਡੇਰਾ ਮੁਖੀ ਦੇ ਨਾਲ ਰਹੇ।

Posted By: Jagjit Singh