ਜ.ਸ., ਜਲੰਧਰ : ਡੇਵੀਏਟ ਕਾਲਜ 'ਚ ਬੀਸੀਏ ਦੇ ਵਿਦਿਆਰਥੀਆਂ ਦੀ ਲੜਾਈ 'ਚ ਦੂਜੀ ਮੰਜ਼ਿਲ ਤੋਂ ਡਿੱਗ ਕੇ ਮਾਰੇ ਗਏ ਵਿਦਿਆਰਥੀ ਕਿ੍ਸ਼ਨ ਯਾਦਵ ਦੀਆਂ ਅਸਥੀਆਂ ਉਸ ਦੇ ਕਾਂਸਟੇਬਲ ਪਿਤਾ ਸੂਰਿਆ ਨਾਰਾਇਣ ਯਾਦਵ ਨੇ ਵਰਦੀ ਪਾ ਕੇ ਚੁਗੀਆਂ। ਪਿਤਾ ਨੇ ਅਸਥੀਆਂ ਚੁਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੁਪਣਾ ਅਧੂਰਾ ਰਹਿ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪੁੱਤ ਨੂੰ ਪੜ੍ਹਾ ਲਿਖਾ ਕੇ ਵੱਡਾ ਆਦਮੀ ਬਣਾਉਣ ਚਾਹੁੰਦੇ ਸਨ ਪਰ ਪੁੱਤ ਨੇ ਵਿਚਾਲੇ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਪੁੱਤ ਉਨ੍ਹਾਂ ਨੂੰ ਵਰਦੀ 'ਚ ਵੇਖ ਕੇ ਬਹੁਤ ਖੁਸ਼ ਹੁੰਦਾ ਸੀ, ਇਸ ਲਈ ਉਨ੍ਹਾਂ ਨੇ ਵਰਦੀ ਪਾ ਕੇ ਪੁੱਤ ਦੀਆਂ ਅਸਥੀਆਂ ਚੁਗੀਆਂ। ਅਸਥੀਆਂ ਲੈਣ ਤੋਂ ਬਾਅਦ ਪਿਤਾ ਸੂਰਿਆ ਨਾਰਾਇਣ ਯਾਦਵ ਆਪਣੇ ਦੂਜੇ ਪੁੱਤਰ ਸ਼੍ਵਣ ਕੁਮਾਰ ਯਾਦਵ ਨਾਲ ਸ਼ਾਮ ਨੂੰ ਬਿਹਾਰ 'ਚ ਆਪਣੇ ਪਿੰਡ ਜਾਣ ਲਈ ਨਿਕਲ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਪੁੱਤ ਦੀਆਂ ਅਸਥੀਆਂ ਆਪਣੇ ਘਰ ਲਿਜਾਣਗੇ ਤੇ ਉਥੋਂ ਉਨ੍ਹਾਂ ਦਾ ਵਿਸਰਜਨ ਕਰਨਗੇ। ਉਧਰ, ਸ਼੍ਰੀਰਾਮ ਹਸਪਤਾਲ 'ਚ ਦਾਖਲ ਦੂਜੇ ਵਿਦਿਆਰਥੀ ਅਮਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਡਾ. ਸਚਦੇਵਾ ਨੇ ਦੱਸਿਆ ਕਿ ਅਮਨ ਹਾਲੇ ਆਈਸੀਯੂ 'ਚ ਹੀ ਦਾਖਲ ਹੈ। ਉਹ ਗੱਲਬਾਤ ਕਰਨ ਦੀ ਹਾਲਤ 'ਚ ਨਹੀਂ ਹੈ। ਉਥੇ ਉਸ ਦੇ ਬਿਆਨ ਲੈਣ ਲਈ ਪਹੁੰਚੀ ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਿਸ ਖਾਲੀ ਹੱਥ ਪਰਤ ਗਈ। ਹਸਪਤਾਲ ਬਾਹਰ ਬੁੱਧਵਾਰ ਨੂੰ ਵੀ ਸਕਿਓਰਿਟੀ ਲੱਗੀ ਰਹੀ ਤੇ ਸੁਰੱਕਿਆ 'ਚ ਤਾਇਨਾਤ ਪੁਲਿਸ ਕਰਮਚਾਰੀ ਉਥੇ ਮੌਜੂਦ ਰਿਹਾ।

--------

ਇਹ ਹੈ ਮਾਮਲਾ

ਬੀਤੇ ਦਿਨੀਂ ਡੇਵੀਏਟ ਕਾਲਜ 'ਚ ਬੀਸੀਏ ਦੇ ਆਖਰੀ ਸਾਲ ਦੇ ਦੋ ਵਿਦਿਆਰਥੀ ਜਨਮ ਦਿਨ ਪਾਰਟੀ 'ਚ ਬੁਲਾਏ ਜਾਣ 'ਤੇ ਲੜ ਪਏ। ਲੜਦੇ ਲੜਦੇ ਦੋਵੇਂ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਕ੍ਰਿਸ਼ਨ ਕੁਮਾਰ ਯਾਦਵ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਅਮਨ ਕੁਮਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਿਸ ਨੇ ਮਾਮਲੇ 'ਚ ਜ਼ਖ਼ਮੀ ਵਿਦਿਆਰਥੀਆਂ ਅਮਨ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਸੀ।