ਰਾਕੇਸ਼ ਗਾਂਧੀ, ਜਲੰਧਰ : ਇੰਡਸਟਰੀ ਏਰੀਆ ਵਿਚ ਸਥਿਤ ਯੂਕੋ ਬੈਂਕ ਵਿਚ ਹੋਈ ਲੁੱਟ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਹੀ ਹਨ ਪਰ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਉਹ ਲੁਟੇਰਿਆਂ ਦੇ ਇਕਦਮ ਨੇੜੇ ਪਹੁੰਚ ਚੁੱਕੇ ਹਨ ਤੇ ਜਲਦ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੈਂਕ ਵਿਚ ਲੁੱਟ ਕਰਨ ਤੋਂ ਬਾਅਦ ਭੀੜ ਭਾੜ ਵਾਲੇ ਬਾਜ਼ਾਰਾਂ 'ਚ ਹੁੰਦੇ ਹੋਏ ਲੁਟੇਰੇ ਪਿੰਡ ਨਿੱਝਰਾਂ ਵਿਚ ਪਹੁੰਚੇ ਸਨ ਅਤੇ ਇਕ ਮੋਟਰ 'ਤੇ ਕੱਪੜੇ ਬਦਲਣ ਤੋਂ ਬਾਅਦ ਉਨ੍ਹਾਂ ਨੇ ਲੁੱਟ ਦੀ ਰਕਮ ਵੀ ਆਪਸ ਵਿਚ ਵੰਡੀ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਦੇ ਕਰਦੇ ਪੁਲਿਸ ਜਦ ਪਿੰਡ ਨਿੱਝਰਾਂ ਦੀ ਉਸ ਮੋਟਰ 'ਤੇ ਪਹੁੰਚੀ ਤਾਂ ਉਥੇ ਲੁਟੇਰਿਆਂ ਵੱਲੋਂ ਸੁੱਟਿਆ ਗਿਆ ਕੈਸ਼ੀਅਰ ਦੇ ਕਮਰੇ ਦਾ ਸ਼ੀਸ਼ਾ ਵੀ ਪੁਲਿਸ ਨੂੰ ਮਿਲਿਆ। ਉਸ 'ਤੇ ਖੂਨ ਲੱਗਾ ਹੋਇਆ ਸੀ, ਜਿਸ ਤੋਂ ਇਹੀ ਜਾਪਦਾ ਹੈ ਕਿ ਕਿਸੇ ਲੁਟੇਰੇ ਦੇ ਹੱਥ 'ਤੇ ਸ਼ੀਸ਼ਾ ਲੱਗਿਆ ਹੈ ਤੇ ਜ਼ਖ਼ਮੀ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੁਟੇਰੇ ਮੋਟਰ 'ਤੇ ਕੱਪੜੇ ਬਦਲਣ ਤੋਂ ਦੋ ਘੰਟੇ ਬਾਅਦ ਦੁਬਾਰਾ ਫਿਰ ਤੋਂ ਮੋਟਰ 'ਤੇ ਆਏ ਸਨ। ਕੁਝ ਸਮਾਂ ਮੋਟਰ 'ਤੇ ਰੁਕਣ ਤੋਂ ਬਾਅਦ ਤਿੰਨੇ ਲੁਟੇਰੇ ਵੱਖ-ਵੱਖ ਦਿਸ਼ਾਵਾਂ ਵਿਚ ਚਲੇ ਗਏ ਸਨ। ਇਕ ਲੁਟੇਰਾ ਐਕਟਿਵਾ 'ਤੇ ਅਤੇ ਬਾਕੀ ਲੁਟੇਰੇ ਪੈਦਲ ਹੀ ਉੱਥੋਂ ਨਿਕਲ ਗਏ ਸਨ। ਪੁਲਿਸ ਵੱਲੋਂ ਲੁਟੇਰਿਆਂ ਵੱਲੋਂ ਵਾਰਦਾਤ ਵਿਚ ਵਰਤੀ ਗਈ ਐਕਟਿਵਾ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਇਸ ਐਕਟਿਵਾ ਦੇ ਸਹਾਰੇ ਹੀ ਪੁਲਿਸ ਲੁਟੇਰਿਆਂ ਤਕ ਪਹੁੰਚ ਸਕੇਗੀ।

ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਿਸ ਲੁਟੇਰਿਆਂ ਦੇ ਕਾਫੀ ਕਰੀਬ ਪਹੁੰਚ ਚੁੱਕੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਉਹ ਪੁਲਸ ਦੀ ਹਿਰਾਸਤ ਵਿਚ ਹੋਣਗੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤਿੰਨ ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ 'ਤੇ ਇੰਡਸਟਰੀ ਏਰੀਆ ਵਿਚ ਸਥਿਤ ਯੂਕੋ ਬੈਂਕ ਵਿਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।