ਜਤਿੰਦਰ ਪੰਮੀ, ਜਲੰਧਰ

ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਜਲੰਧਰ ਯੂਨਿਟ ਵੱਲੋਂ ਜ਼ਿਲ੍ਹੇ ਭਰ ਦੀਆਂ ਬੈਂਕਾਂ 'ਚ ਹੜਤਾਲ ਕੀਤੀ ਗਈ। ਇਸ ਹੜਤਾਲ ਵਿਚ ਜ਼ਿਲ੍ਹੇ ਦੇ 2500 ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ। ਬੈਂਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਰੀਬ 200 ਕਰੋੜ ਰੁਪਏ ਦਾ ਬੈਂਕਿੰਗ ਲੈਣ-ਦੇਣ ਰੁਕ ਗਿਆ। ਇਸ ਤੋਂ ਇਲਾਵਾ 180 ਕਰੋੜ ਰੁਪਏ ਚੈੱਕਾਂ ਦਾ ਲੈਣ-ਦੇਣ ਵੀ ਪ੍ਰਭਾਵਿਤ ਹੋਇਆ ਅਤੇ ਹੜਤਾਲ ਕਾਰਨ 20,000 ਦੇ ਕਰੀਬ ਚੈੱਕ ਕਲੀਅਰ ਨਹੀਂ ਹੋ ਸਕੇ। ਮਹਾਨਗਰ ਦੇ ਬੈਂਕ ਮੁਲਾਜ਼ਮਾਂ ਵੱਲੋਂ ਅੱਜ ਦੀ ਇਹ ਹੜਤਾਲ ਕੰਪਨੀ ਬਾਗ ਨੇੜੇ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਰੈਲੀ ਕਰਕੇ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਜਲੰਧਰ ਯੂਨਿਟ ਦੇ ਸਕੱਤਰ ਕਾਮਰੇਡ ਅੰਮਿ੍ਤ ਲਾਲ ਨੇ ਕਿਹਾ ਕਿ ਅੱਜ ਦੀ ਇਹ ਹੜਤਾਲ ਕਿਰਤ ਕਾਨੂੰਨਾਂ ਵਿਚ ਕੀਤੀਆਂ ਗਈਆਂ ਕਿਰਤ ਵਿਰੋਧੀ ਤਬਦੀਲੀਆਂ ਦੇ ਖ਼ਿਲਾਫ਼ ਸੀ, ਜਿਸ ਵਿਚ ਜ਼ਿਲ੍ਹੇ ਦੀਆਂ 950 ਬੈਂਕ ਬ੍ਾਂਚਾਂ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਕੇਂਦਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਰਤ ਕਾਨੂੰਨਾਂ 'ਚ ਤਬਦੀਲੀ ਕਰਦਿਆਂ ਹੜਤਾਲ ਕਰਨ ਲਈ ਦੋ ਮਹੀਨੇ ਪਹਿਲਾਂ ਨੋਟਿਸ ਦੇਣਾ ਪਵੇਗਾ ਜਦੋਂਕਿ ਪਿਛਲੇ ਕਾਨੂੰਨ ਮੁਤਾਬਕ 14 ਦਿਨ ਪਹਿਲਾਂ ਨੋਟਿਸ ਦੇਣ ਦਾ ਪ੍ਰਬੰਧ ਸੀ। ਇਸ ਤੋਂ ਇਲਾਵਾ ਨਵੇਂ ਕਾਨੂੰਨ ਮੁਤਾਬਕ ਜੇਕਰ ਮਸਲਾ ਵਿਚਾਰ-ਅਧੀਨ ਹੈ, ਟਿ੍ਬਿਊਨਲ ਨੂੰ ਭੇਜਿਆ ਗਿਆ ਹੈ ਜਾਂ ਯੂਨੀਅਨਾਂ ਨਾਲ ਵਿਚੋਲਗੀ ਦੀ ਸਥਿਤੀ 'ਚ ਹੈ ਤਾਂ ਯੂਨੀਅਨਾਂ ਹੜਤਾਲ ਨਹੀਂ ਕਰ ਸਕਦੀਆਂ। ਇਸ ਦੇ ਨਾਲ ਹੀ ਯੂਨੀਅਨ ਰਜਿਸਟਰ ਕਰਵਾਉਣ ਲਈ ਘੱਟੋ-ਘੱਟ 100 ਮੁਲਾਜ਼ਮ ਹੋਣੇ ਚਾਹੀਦੇ ਹਨ ਜਦੋਂਕਿ ਪਹਿਲਾਂ ਸਿਰਫ਼ 7 ਸਟਾਫ ਮੈਂਬਰਾਂ ਦੀ ਲੋੜ ਹੁੰਦੀ ਸੀ। ਕਾਮਰੇਡ ਅੰਮਿ੍ਤ ਲਾਲ ਨੇ ਕਿਹਾ ਕਿ ਸਮੂਹ ਬੈਂਕ ਮੁਲਾਜ਼ਮ ਤੇ ਅਧਿਕਾਰੀ ਬੈਂਕਾਂ ਦੇ ਰਲੇਵੇਂ ਅਤੇ ਨਿੱਜੀਕਰਨ ਦੇ ਸਖ਼ਤ ਖ਼ਿਲਾਫ਼ ਹਨ। ਬੈਂਕ ਯੂਨੀਅਨਾਂ ਆਰਬੀਆਈ ਦੇ ਕਾਰਪੋਰੇਟ ਘਰਾਣਿਆਂ ਨੂੰ ਨਿੱਜੀ ਬੈਂਕ ਖੋਲ੍ਹਣ ਲਈ ਲਾਇਸੈਂਸ ਦੇਣ ਦਾ ਪ੍ਰਸਤਾਵ ਦਾ ਵਿਰੋਧ ਕਰਦੇ ਹਨ। ਇਸ ਰੋਸ ਰੈਲੀ ਨੂੰ ਉੱਤਰੀ ਜ਼ੋਨ ਬੀਮਾ ਮੁਲਾਜ਼ਮ ਐਸੋਸੀਏਸ਼ਨ ਦੇ ਡਵੀਜ਼ਨਲ ਸੈਕਟਰੀ ਕਾਮਰੇਡ ਵੇਦ ਕੁਮਾਰ, ਕਮਲਜੀਤ ਸਿੰਘ ਕਾਲਰਾ, ਐੱਚਐੱਸ ਬੀਰ, ਦਲੀਪ ਸ਼ਰਮਾ, ਰਾਜ ਕੁਮਾਰ ਭਗਤ, ਆਰਕੇ ਜੌਲੀ, ਸੰਜੀਵ ਭੱਲਾ, ਬਲਵੰਤ ਰਾਏ ਅਤੇ ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।