ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਤੀਜੀ ਕਾਨਫਰੰਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੀਐੱਚ ਵੈਂਕਟਾਚਲਮ ਕੌਮੀ ਜਨਰਲ ਸਕੱਤਰ, ਰਾਜਨ ਕਲਕੱਤਾ ਪ੍ਰਧਾਨ, ਸੁਸ਼ੀਲ ਗੌਤਮ, ਪੀਆਰ ਮਹਿਤਾ ਪ੍ਰਧਾਨ ਪੰਜਾਬ ਬੈਂਕ ਕੰਪਲਾਇੰਸ, ਐੱਸਵੀ ਸ੍ਰੀ ਨਿਵਾਸਨ, ਐੱਸਪੀ ਐੱਸ ਵਿਰਕ, ਫਰੀਦ ਰਹਿਮਾਨ ਐਗਜ਼ੈਕਟਿਵ ਡਾਇਰੈਕਟਰ, ਜੇਅੰਤ ਕੁਮਾਰ ਨਾਇਨ, ਚਮਨ ਲਾਲ, ਅੰਮਿ੍ਰਤ ਲਾਲ ਚੇਅਰਮੈਨ ਰਿਸੈਪਸ਼ਨ ਕਮੇਟੀ, ਐੱਸਕੇ ਗੌਤਮ ਤੇ ਹੋਰ ਆਗੂ ਮੌਜੂਦ ਸਨ। ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਆਖਿਆ ਕਿ ਐਸੋਸੀਏਸ਼ਨ ਦਾ ਬੈਂਕਾਂ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਪ੍ਰਤੀ ਕੌਮੀ ਮੁਹਿੰਮ ਚਲਾਉਣਾ, ਬੈਂਕਾਂ ਦਾ ਰਲੇਵਾਂ ਰੋਕਣਾ, ਬੈਂਕ ਵਿਚ ਜਮ੍ਹਾਂ ਪੈਸੇ 'ਤੇ ਵਿਆਜ ਦਰ ਵਧਾਉਣਾ, ਬੈਂਕਾਂ ਦਾ ਨਿੱਜੀਕਰਨ ਰੋਕਣਾ, ਕਰਜ਼ਿਆਂ ਦੀ ਵਾਪਸੀ, ਕਾਰਪੋਰੇਟ ਘਰਾਣਿਆਂ ਤੇ ਜਿਹੜੇ ਬੈਂਕ ਦਾ ਕਰਜ਼ਾ ਨਹੀਂ ਮੋੜ ਰਹੇ ਉਨ੍ਹਾਂ 'ਤੇ ਬਣਦੇ ਕਾਨੂੰਨ ਲਾਗੂ ਕਰਾਉਣਾ, ਨਾ ਮੋੜਨਯੋਗ ਕਰਜ਼ੇ ਦਾ ਭਾਰ ਆਮ ਜਨਤਾ 'ਤੇ ਨਾ ਪਾਇਆ ਜਾਵੇ ,ਬ੍ਰਾਂਚਾਂ ਨੂੰ ਬੰਦ ਕਰਨੋਂ ਰੋਕਣਾ ਆਦਿ ਮੰਗਾਂ 'ਤੇ ਸੰਘਰਸ਼ ਕਰਨ ਲਈ ਦੋ ਰੋਜ਼ਾ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ੁਰੂ ਹੋ ਗਿਆ ਹੈ। ਸਮੂਹ ਆਗੂਆਂ ਨੇ ਆਖਿਆ ਕਿ ਅਰਬਾਂ-ਖਰਬਾਂ ਰੁਪਏ ਕਾਰਪੋਰੇਟ ਘਰਾਣੇ ਬੈਂਕਾਂ ਦੇ ਮਾਰ ਗਏ ਹਨ। ਸਰਕਾਰਾਂ ਉਨ੍ਹਾਂ 'ਤੇ ਨਰਮੀ ਵਰਤ ਰਹੀਆਂ ਹਨ। ਸਰਕਾਰਾਂ ਇਸ ਠੱਗੀ ਦਾ ਹੱਲ ਬੈਂਕਾਂ ਨੂੰ ਪ੍ਰਾਈਵੇਟ ਕਰ ਕੇ ਕੱਢਣਾ ਚਾਹੁੰਦੀਆਂ ਹਨ। ਸਰਕਾਰਾਂ ਨੇ ਐੱਸਬੀਆਈ ਦੀਆਂ 6950 ਬੈਂਕਾਂ ਦਾ ਰਲੇਵਾਂ ਕਰ ਦਿੱਤਾ ਹੈ, ਜਦੋਂ ਕਿ ਪਿੰਡਾਂ ਵਿਚ ਬ੍ਰਾਂਚਾਂ ਦੀ ਜ਼ਰੂਰਤ ਹੈ। ਆਗੂਆਂ ਨੇ ਆਖਿਆ ਕਿ ਸਰਕਾਰ ਨੂੰ ਸਰਕਾਰੀ ਬੈਂਕਾਂ ਨੂੰ ਮਰਜ ਕਰਨ ਦਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। 10 ਸਰਕਾਰੀ ਬੈਂਕਾਂ ਵਿਚੋਂ ਛੇ ਬੈਂਕਾਂ ਮਰਜ ਕਰ ਕੇ ਚਾਰ ਬੈਂਕਾਂ ਬਣਾ ਦਿੱਤੀਆਂ ਹਨ। ਆਗੂਆਂ ਨੇ ਆਖਿਆ ਕਿ ਦਸ ਲੱਖ ਕਰੋੜ ਬੈਂਕਾਂ ਦਾ ਕਰਜ਼ ਧਨਾਢ ਲੋਕ ਮਾਰੀ ਬੈਠੇ ਹਨ। ਇਹ ਪੈਸਾ ਆਮ ਮਿਹਨਤੀ ਲੋਕਾਂ ਦਾ ਹੈ। ਆਗੂਆਂ ਨੇ ਅੰਕੜਿਆਂ ਸਮੇਤ ਤੱਥ ਪੇਸ਼ ਕਰਦਿਆਂ ਆਖਿਆ ਕਿ 31 ਮਾਰਚ 2003 ਤੋਂ ਐੱਨਪੀਏ 47300 ਸੌ ਕਰੋੜ ਰੁਪਏ ਤੋਂ ਵਧ ਕੇ 54900 ਕਰੋੜ ਰੁਪਏ ਹੋ ਗਿਆ। ਇਸ ਤੋਂ ਬਾਅਦ ਯੂਪੀਏ ਸਰਕਾਰ-1 ਸਮੇਂ 52537 ਕਰੋੜ ਤੋਂ ਘੱਟ ਕੇ 39030 ਕਰੋੜ ਰਹਿ ਗਿਆ ਸੀ, ਕਿਉਂਕਿ ਸਰਕਾਰ ਨੇ ਸਖ਼ਤੀ ਕੀਤੀ ਸੀ। ਯੂਪੀਏ -2 ਦੀ ਸਰਕਾਰ ਸਮੇਂ 39030 ਕਰੋੜ ਤੋਂ ਵਧ ਕੇ 1,64,461ਕਰੋੜ ਐੱਨਪੀਏ ਹੋ ਗਿਆ। ਐੱਨਡੀਏ ਦੀ ਸਰਕਾਰ ਦੀ ਪਹਿਲੀ ਟਰਮ ਸਮੇਂ ਇਹ ਐੱਨਪੀਏ 8,95600 ਕਰੋੜ ਰੁਪਏ ਹੋ ਗਿਆ। ਸਭ ਤੋਂ ਵਧ ਬੈਂਕਾਂ ਦਾ ਪੈਸਾ ਭਾਜਪਾ ਦੀ ਅਗਵਾਈ ਵਾਲੀ ਇਸ ਸਰਕਾਰ ਸਮੇਂ ਮਾਰਿਆ ਗਿਆ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਆਪਣਿਆਂ ਵੱਲੋਂ ਜਿਹੜੇ ਗੁਜ਼ਰਾਤ ਨਾਲ ਸਬੰਧ ਰੱਖਦੇ ਸਨ, ਵੱਲੋਂ ਪੈਸਾ ਮਾਰਿਆ ਗਿਆ ਤੇ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਵਿਚੋਂ ਭਜਾ ਦਿੱਤਾ। ਆਗੂਆਂ ਨੇ ਦੱਸਿਆ ਕਿ ਦੇਸ਼ ਅੰਦਰ ਸਿਰਫ਼ 12 ਘਰਾਣਿਆਂ ਨੇ 2,53,000 ਕਰੋੜ ਬੈਂਕਾਂ ਦਾ ਮਾਰਿਆ ਹੈ। ਆਗੂਆਂ ਨੇ ਦੱਸਿਆ ਕਿ ਇਸ ਇਜਲਾਸ ਵਿਚ ਡੈਲੀਗੇਟਾਂ ਨਾਲ ਇਹ ਸਾਰਾ ਵਰਤਾਰਾ ਸਾਂਝਾ ਕੀਤਾ ਜਾਵੇਗਾ। ਜਿੱਥੇ ਐਸੋਸੀਏਸ਼ਨ ਦੇ ਕੰਮਾਂ ਬਾਰੇ ਵਿਚਾਰਾਂ ਹੋਣਗੀਆਂ, ਉੱਥੇ ਬੈਂਕਾਂ ਵਿਚ ਹੋ ਰਹੇ ਕਾਰਪੋਰੇਟ ਘਰਾਣਿਆਂ ਦੇ ਘਪਲਿਆਂ ਦਾ ਵੀ ਲੇਖਾ ਜੋਖਾ ਕੀਤਾ ਜਾਵੇਗਾ।