ਉਨ੍ਹਾਂ ਦੱਸਿਆ ਕਿ ਅਮਰੀਕਾ ’ਤੇ 9 ਸਤੰਬਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ 15 ਸਤੰਬਰ 2001 ਵਿਚ ਬਲਬੀਰ ਸਿੰਘ ਸੋਢੀ ਨੂੰ ਇਕ ਅਮਰੀਕੀ ਨੇ ਨਸਲੀ ਨਫ਼ਰਤ ਕਾਰਨ ਗੋਲੀ ਮਾਰ ਦਿੱਤੀ ਸੀ, ਹਾਲਾਂਕਿ ਬਾਅਦ ਵਿਚ ਉਸ ਨੇ ਮੰਨਿਆ ਸੀ ਕਿ ਇਹ ਨਫ਼ਰਤੀ ਅਪਰਾਧ ਪਛਾਣ ਦੀ ਗ਼ਲਤੀ ਨਾਲ ਹੋਇਆ ਹੈ।

ਜਤਿੰਦਰ ਪੰਮੀ/ਹਨੀ ਸੋਢੀ, ਪੰਜਾਬੀ ਜਾਗਰਣ, ਜਲੰਧਰ : ਅਮਰੀਕਾ ’ਤੇ 2001 ਵਿਚ ਹੋਏ 9/11 ਅੱਤਵਾਦੀ ਹਮਲੇ ਤੋਂ ਬਾਅਦ 15 ਸਤੰਬਰ 2001 ਨੂੰ ਗ਼ਲਤੀ ਨਾਲ ਨਫ਼ਰਤੀ ਅਪਰਾਧ ਦਾ ਸ਼ਿਕਾਰ ਹੋਏ ਭਾਰਤੀ ਕਾਰੋਬਾਰੀ ਬਲਬੀਰ ਸਿੰਘ ਸੋਢੀ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਅਮਰੀਕਾ ਦੀ ਸਰਕਾਰ ਨੇ ਆਪਣੇ ਇਤਿਹਾਸ ਦੇ ਕੌਮੀ ਅਜਾਇਬ ਘਰ ਵਿਚ ਉਨ੍ਹਾਂ ਦੀ ਪੱਗੜੀ ਤੇ ਹੋਰ ਸਾਮਾਨ ਸੁਸ਼ੋਭਿਤ ਕੀਤੇ ਹੋਏ ਹਨ। ਇਹ ਅਮਰੀਕਾ ਸਰਕਾਰ ਵੱਲੋਂ ਬਲਬੀਰ ਸਿੰਘ ਸੋਢੀ ਨੂੰ ਸੱਚੀ ਤੇ ਸਦੀਵੀ ਸ਼ਰਧਾਂਜਲੀ ਦਿੱਤੀ ਗਈ ਹੈ ਜੋ ਕਿ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਬਲਬੀਰ ਸਿੰਘ ਸੋਢੀ ਦੇ ਭਰਾ ਅਤੇ ਅਮਰੀਕੀ ਕਾਰੋਬਾਰੀ ਤੇ ਗੁਰੂ ਨਾਨਕ ਮਿਸ਼ਨ ਬਗਦਾਦ ਸੰਸਥਾ ਦੇ ਪ੍ਰਧਾਨ ਹਰਜੀਤ ਸਿੰਘ ਸੋਢੀ ਨੇ ‘ਪੰਜਾਬੀ ਜਾਗਰਣ’ ਦਫ਼ਤਰ ’ਚ ਵਿਸ਼ੇਸ਼ ਮੁਲਾਕਾਤ ਦੌਰਾਨ ਗੱਲਬਾਤ ਕਰਦਿਆ ਕੀਤਾ।
ਉਨ੍ਹਾਂ ਦੱਸਿਆ ਕਿ ਅਮਰੀਕਾ ’ਤੇ 9 ਸਤੰਬਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ 15 ਸਤੰਬਰ 2001 ਵਿਚ ਬਲਬੀਰ ਸਿੰਘ ਸੋਢੀ ਨੂੰ ਇਕ ਅਮਰੀਕੀ ਨੇ ਨਸਲੀ ਨਫ਼ਰਤ ਕਾਰਨ ਗੋਲੀ ਮਾਰ ਦਿੱਤੀ ਸੀ, ਹਾਲਾਂਕਿ ਬਾਅਦ ਵਿਚ ਉਸ ਨੇ ਮੰਨਿਆ ਸੀ ਕਿ ਇਹ ਨਫ਼ਰਤੀ ਅਪਰਾਧ ਪਛਾਣ ਦੀ ਗ਼ਲਤੀ ਨਾਲ ਹੋਇਆ ਹੈ। ਉਸ ਵੇਲੇ ਬਲਬੀਰ ਸਿੰਘ ਸੋਢੀ ਦੀਆਂ ਅੰਤਮ ਰਸਮਾਂ ਮੌਕੇ ਯੂਨਾਈਟਿਡ ਨੇਸ਼ਨਜ਼ ਦੇ ਜਨਰਲ ਸਕੱਤਰ ਕੋਫੀ ਅੰਨਾਨ ਨੇ ਸ਼ੋਕ ਸੰਦੇਸ਼ ਭੇਜ ਕੇ ਉਨ੍ਹਾਂ ਦੀ ਨਫ਼ਰਤੀ ਅਪਰਾਧ ਕਾਰਨ ਹੋਈ ਮੌਤ ’ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਹਰਜੀਤ ਸਿੰਘ ਸੋਢੀ ਨੇ ਅੱਗੇ ਦੱਸਿਆ ਕਿ 15 ਸਤੰਬਰ 2022 ਨੂੰ ਅਮਰੀਕਾ ਦੇ ਤੱਤਕਾਲੀਨ ਰਾਸ਼ਟਰਪਤੀ ਜੋਏ ਬਾਇਡਨ ਨੇ ਬਲਬੀਰ ਸਿੰਘ ਸੋਢੀ ਦੀ ਪੱਗੜੀ ਤੇ ਹੋਰ ਸਾਮਾਨ ਨੈਸ਼ਨਲ ਮਿਊਜ਼ੀਅਮ ਆਫ ਅਮਰੀਕਨ ਹਿਸਟਰੀ ਵਿਚ ਸਥਾਪਤ ਕੀਤਾ ਸੀ। ਇਸ ਪ੍ਰੋਗਰਾਮ ਲਈ ਉਨ੍ਹਾਂ ਦੇ ਪਰਿਵਾਰ ਸਮੇਤ ਹੋਰ ਭਾਰਤੀ ਪਰਿਵਾਰਾਂ ਨੂੰ ਵ੍ਹਾਈਟ ਹਾਊਸ ਵਿਚ ਰੱਖੇ ਗਏ ਸਮਾਗਮ ਲਈ ਸੱਦਾ ਪੱਤਰ ਭੇਜਿਆ ਸੀ। ਹਾਲਾਂਕਿ ਉਸ ਦੌਰਾਨ ਕੋਰੋਨਾ ਮਹਾਮਾਰੀ ਦਾ ਕਾਫੀ ਅਸਰ ਸੀ, ਫਿਰ ਵੀ ਵ੍ਹਾਈਟ ਹਾਊਸ ਵੱਲੋਂ ਉਨ੍ਹਾਂ ਵੱਡੀ ਗਿਣਤੀ ਲੋਕਾਂ ਨੂੰ ਪ੍ਰੋਗਰਾਮ ਵਿਚ ਬੁਲਾਇਆ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਪਰਿਵਾਰ ਕੋਲੋਂ ਇਹ ਲਿਖਤੀ ਤੌਰ ’ਤੇ ਲਿਆ ਗਿਆ ਸੀ ਕਿ ਬਲਬੀਰ ਸਿੰਘ ਸੋਢੀ ਦੀ ਪੱਗੜੀ ਤੇ ਹੋਰ ਸਾਮਾਨ ਹੁਣ ਸੋਢੀ ਪਰਿਵਾਰ ਦੀ ਨਹੀਂ ਬਲਕਿ ਅਮਰੀਕਾ ਦੀ ਕੌਮੀ ਵਿਰਾਸਤ ਦਾ ਹਿੱਸਾ ਹੋਵੇਗਾ।
----------------
ਸਿੱਖ ਅਜਾਇਬ ਘਰ ’ਚ ਤਸਵੀਰ ਨਾ ਲੱਗਣ ਦਾ ਮਲਾਲ
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ’ਚ ਬਣੇ ਸਿੱਖ ਅਜਾਇਬ ਘਰ ’ਚ ਬਲਬੀਰ ਸਿੰਘ ਸੋਢੀ ਦੀ ਤਸਵੀਰ ਨਾ ਲੱਗਣ ਬਾਰੇ ਪੁੱਛੇ ਜਾਣ ’ਤੇ ਹਰਜੀਤ ਸਿੰਘ ਸੋਢੀ ਨੇ ਕਿਹਾ ਕਿ ਬਲਬੀਰ ਸਿੰਘ ਸੋਢੀ ਦੀ ਉਥੇ ਤਸਵੀਰ ਨਾ ਲਾਏ ਜਾਣ ਕਾਰਨ ਸਾਡੇ ਪੂਰੇ ਪਰਿਵਾਰ ਨੂੰ ਮਲਾਲ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੋਢੀ ਨੇ ਆਪਣੇ ਅਕੀਦੇ ’ਤੇ ਕਾਇਮ ਰਹਿੰਦੇ ਹੋਏ ਅਮਰੀਕਾ ਵਿਚ ਆਪਣੀ ਸਿੱਖ ਪਛਾਣ ਕਾਇਮ ਰੱਖੀ ਸੀ ਹਾਲਾਂਕਿ ਇਸ ਕਰ ਕੇ ਉਨ੍ਹਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਹਰਜੀਤ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਮਿਲ ਕੇ ਇਹ ਇੱਛਾ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਦੇ ਭਰਾ ਦੀ ਤਸਵੀਰ ਸਿੱਖ ਅਜਾਇਬ ਘਰ ’ਚ ਲਾਈ ਜਾਵੇ ਪਰ ਐੱਸਜੀਪੀਸੀ ਵੱਲੋਂ ਹਾਲੇ ਤਕ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ ਹੈ।
---------------
-ਕਾਤਲ ਨੂੰ ਫਾਂਸੀ ਨਾ ਦੇਣ ਦੀ ਪਰਿਵਾਰ ਨੇ ਕੀਤੀ ਸੀ ਅਪੀਲ
ਹਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਬਲਬੀਰ ਸਿੰਘ ਸੋਢੀ ਦੇ ਕਾਤਲ ਅਮਰੀਕੀ 42 ਸਾਲਾ ਫਰੈਂਕ ਸਿਲਵਾ ਰੋਕਿਊ ਨੂੰ ਜਿਊਰੀ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਉਨ੍ਹਾਂ ਦੇ ਪਰਿਵਾਰ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਣ ਨਾਤੇ ਸਰਬੱਤ ਦੇ ਭਲੇ ਵਿਚ ਯਕੀਨ ਰੱਖਦੇ ਹਨ, ਇਸ ਲਈ ਕਾਤਲ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਜਿਊਰੀ ਨੇ ਆਪਣੇ ਫੈਸਲੇ ਵਿਚ ਕਾਤਲ ਫਰੈਂਕ ਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੱਤਿਆਰੇ ਫਰੈਂਕ ਸਿਲਵਾ ਰੋਕਿਊ ਦੀ 11 ਮਈ 2022 ’ਚ ਜੇਲ੍ਹ ਵਿਚ ਹੀ ਮੌਤ ਹੋ ਗਈ ਸੀ।