ਕੀਮਤੀ ਭਗਤ, ਜਲੰਧਰ : ਨਵੀਂ ਆਉਣ ਵਾਲੀ ਪੰਜਾਬੀ ਫ਼ਿਲਮ 'ਬਾਈ ਜੀ ਕੁੱਟਣਗੇ' ਦੀ ਟੀਮ ਜਲੰਧਰ ਪੁੱਜੀ। ਇਹ ਫਿਲਮ ਇਸ ਮਹੀਨੇ 19 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਪੰਜਾਬੀ ਅਤੇ ਹਿੰਦੀ ਫਿਲਮੀ ਅਦਾਕਾਰਾ ਉਪਾਸਨਾ ਸਿੰਘ ਪੋ੍ਡਿਊਸਰ ਹਨ। ਬਤੌਰ ਨਿਰਮਾਤਾ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ। ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਇਸ ਫ਼ਿਲਮ ਵਿਚ ਬਤੌਰ ਹੀਰੋਇਨ ਨਜ਼ਰ ਆਏਗੀ ਜੋ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਜਦਕਿ ਅਦਾਕਾਰਾ ਉਪਾਸਨਾ ਸਿੰਘ ਦੇ ਬੇਟੇ ਨਾਨਕ ਸਿੰਘ ਨੇ ਇਸ ਫ਼ਿਲਮ ਵਿਚ ਬਤੌਰ ਹੀਰੋ ਭੂਮਿਕਾ ਨਿਭਾਈ ਹੈ।

ਸੰਤੋਸ਼ ਇੰਟਰਟੇਨਮੈਂਟ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫਿਲਮ ਵਿਚ ਪੰਜਾਬੀ ਸਿਨੇਮਾ ਦੇ ਐਕਸ਼ਨ ਹੀਰੋ ਦੇਵ ਖਰੌੜ ਅਲੱਗ ਹੀ ਭੂਮਿਕਾ ਵਿਚ ਨਜ਼ਰ ਆਉਣਗੇ। ਜਲੰਧਰ ਪੁੱਜੇ ਉਪਾਸਨਾ ਸਿੰਘ, ਦੇਵ ਖਰੌੜ, ਨਾਨਕ ਸਿੰਘ, ਸੈਬੀ ਸੂਰੀ ਅਤੇ ਫਿਲਮ ਦੇ ਹੋਰ ਕਲਾਕਾਰਾਂ ਨੇ ਕਿਹਾ ਕਿ ਇਹ ਫਿਲਮ ਰੋਮਾਂਸ, ਕਾਮੇਡੀ ਅਤੇ ਐਕਸ਼ਨ ਦਾ ਸੁਮੇਲ ਹੈ ਜਿਸ ਦੇ ਨਿਰਦੇਸ਼ਕ ਫਿਲਮ ਨਿਰਦੇਸ਼ਕ ਸਮੀਪ ਕੰਗ ਹਨ। ਇਸ ਫਿਲਮ ਦੀ ਕਹਾਣੀ ਵੈਭਵ ਸੁਮਨ ਨੇ ਲਿਖੀ ਹੈ ਅਤੇ ਸਕਰੀਨ ਪਲੇਅ ਦਾ ਨਿਰਮਾਣ ਸਮੀਪ ਕੰਗ ਨੇ ਕੀਤਾ ਹੈ ਜਦਕਿ ਸੰਵਾਦ ਪਾਲੀ ਭੁਪਿੰਦਰ ਸਿੰਘ ਨੇ ਲਿਖੇ ਹਨ।

ਇਸ ਮੌਕੇ ਉਪਾਸਨਾ ਸਿੰਘ ਨੇ ਕਿਹਾ ਕਿ ਇਸ ਫਿਲਮ ਵਿਚ ਉਨ੍ਹਾਂ ਆਪਣਾ ਸਾਰਾ ਤਜਰਬਾ ਤੇ ਪੈਸਾ ਲਗਾਇਆ ਹੈ। ਇਹ ਫਿਲਮ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਫਿਲਮ ਹੈ। ਇਹ ਫਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਤਾਕਤ ਰੱਖਦੀ ਹੈ। ਦਰਸ਼ਕ ਵੀ ਉਨ੍ਹਾਂ ਨੂੰ ਇਸ ਫ਼ਿਲਮ ਵਿਚ ਇਕ ਅਲੱਗ ਅੰਦਾਜ਼ 'ਚ ਦੇਖਣਗੇ।

ਹਰਨਾਜ਼ ਕੌਰ ਸੰਧੂ ਦੇ ਮੁੱਦੇ 'ਤੇ ਉਪਾਸਨਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਰਨਾਜ਼ ਕੌਰ ਸੰਧੂ ਨੂੰ ਆਪਣੀ ਬੇਟੀ ਦੀ ਤਰ੍ਹਾਂ ਰੱਖਿਆ। ਉਨ੍ਹਾਂ ਪਹਿਲੀ ਫਿਲਮ ਵਿਚ ਉਸ ਨੂੰ ਬਤੌਰ ਹੀਰੋਇਨ ਪੇਸ਼ ਕੀਤਾ ਹੈ। ਇਸ ਸਭ ਦੇ ਬਾਵਜੂਦ ਹਰਨਾਜ਼ ਨੇ ਮਿਸ ਯੂਨੀਵਰਸ ਬਣਦੇ ਹੀ ਆਪਣਾ ਲੁਕ ਬਦਲ ਲਿਆ, ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਇਸ ਫਿਲਮ ਦੀ ਪ੍ਰਮੋਸ਼ਨ ਤੋਂ ਪਾਸਾ ਵੱਟ ਲਿਆ। ਉਨ੍ਹਾਂ ਦੇ ਇਸ ਰਵੱਈਏ ਕਾਰਨ ਉਨ੍ਹਾਂ ਨੂੰ ਕੋਰਟ ਜਾਣ ਲਈ ਮਜਬੂਰ ਹੋਣਾ ਪਿਆ।

ਇਸ ਮੌਕੇ ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਫਿਲਮ ਲਈ ਕਾਫ਼ੀ ਮਿਹਨਤ ਕੀਤੀ ਹੈ। ਇਸ ਫਿਲਮ ਦੇ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਸਿਖਲਾਈਆਂ ਲਈਆਂ ਹਨ। ਬੇਸ਼ੱਕ ਇਸ ਫ਼ਿਲਮ ਨੂੰ ਉਨ੍ਹਾਂ ਦੀ ਮਾਂ ਨੇ ਪੋ੍ਡਿਊਸ ਕੀਤਾ ਹੈ ਪਰ ਉਨ੍ਹਾਂ ਵੀ ਬਾਕੀ ਕਲਾਕਾਰਾਂ ਵਾਂਗ ਲਈ ਆਡੀਸ਼ਨ ਦਿੱਤਾ। ਇਹ ਫ਼ਿਲਮ ਪੰਜਾਬੀ ਇੰਡਸਟਰੀ ਵਿਚ ਸ਼ਾਨਦਾਰ ਭੂਮਿਕਾ ਨਿਭਾਏਗੀ।

ਪੰਜਾਬੀ ਫ਼ਿਲਮ ਇੰਡਸਟਰੀ ਵਿਚ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੇ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਇਸ ਫ਼ਿਲਮ ਵਿਚ ਬਾਈ ਜੀ ਦੀ ਭੂਮਿਕਾ ਉਨ੍ਹਾਂ ਵੱਲੋਂ ਨਿਭਾਈ ਗਈ ਹੈ। ਪੂਰੀ ਫਿਲਮ ਬਾਈ ਜੀ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ। ਦਰਸ਼ਕ ਉਨ੍ਹਾਂ ਨੂੰ ਪਹਿਲੀ ਵਾਰ ਇਸ ਫ਼ਿਲਮ ਵਿਚ ਕਾਮੇਡੀ ਕਰਦੇ ਵੀ ਦੇਖਣਗੇ। ਇਹ ਫਿਲਮ ਐਕਸ਼ਨ ਅਤੇ ਡਰਾਮੇ ਦਾ ਬਿਹਤਰੀਨ ਸੁਮੇਲ ਹੈ। ਨਿਰਦੇਸ਼ਕ ਸਮੀਪ ਕੰਗ ਕਾਮੇਡੀ ਦੇ ਬੇਤਾਜ ਬਾਦਸ਼ਾਹ ਹਨ। ਉਨ੍ਹਾਂ ਨੇ ਹੁਣ ਤਕ ਇਕ ਦਰਜਨ ਦੇ ਕਰੀਬ ਫ਼ਿਲਮਾਂ ਬਣਾਈਆਂ ਜਿਸ ਵਿਚ ਕੈਰੀ ਓਨ ਜੱਟਾ ਵੀ ਸ਼ਾਮਲ ਹੈ।

ਫਿਲਮ 'ਬਾਈ ਜੀ ਕੁੱਟਣਗੇ' ਵੀ ਉਨ੍ਹਾਂ ਦੀ ਜ਼ਿੰਦਗੀ ਦੀ ਇਕ ਅਹਿਮ ਫ਼ਿਲਮ ਹੈ। ਅਦਾਕਾਰਾ ਸੈਬੀ ਸੂਰੀ ਨੇ ਕਿਹਾ ਕਿ ਦੇਵ ਖਰੌੜ ਨਾਲ ਉਨ੍ਹਾਂ ਦੀਆਂ ਦੂਸਰੀ ਫ਼ਿਲਮ ਹੈ ਜਿਸ ਵਿੱਚ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਦੀ ਭੈਣ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਿ ਬਾਈ ਜੀ ਨਾਲ ਪਿਆਰ ਕਰ ਬਹਿੰਦੀ ਹੈ। ਫ਼ਿਲਮ ਦੀ ਸਾਰੀ ਟੀਮ ਮੁਤਾਬਕ ਇਸ ਫਿਲਮ ਨੂੰ ਸਰੋਤੇ ਕਾਫੀ ਪਸੰਦ ਕਰਨਗੇ। ਇਸ ਦਾ ਅੰਦਾਜ਼ਾ ਫ਼ਿਲਮ ਦੇ ਟੇ੍ਲਰ ਰਿਲੀਜ਼ ਹੋਣ ਤੋਂ ਹੀ ਲਗਾਇਆ ਜਾ ਸਕਦਾ ਹੈ। ਸਰੋਤਿਆਂ ਵੱਲੋਂ ਇਸ ਫ਼ਿਲਮ ਦੇ ਸੰਗੀਤ ਨੂੰ ਵੀ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ।