ਬਾਬਾ ਜੀਵਨ ਸਿੰਘ ਜੀ ਵੈਲਫੇਅਰ ਯੂਥ ਕਲੱਬ ਨੇ 74ਵਾ ਸੰਵਿਧਾਨ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਤੇ ਸੰਸਦੀ ਮਾਮਲੇ ਵਿਭਾਗ ਪੰਜਾਬ ਤੇ ਭਾਰਤ ਸਰਕਾਰ ਦੇ ਮਾਈ ਭਾਰਤ ਜਲੰਧਰ ਦੇ ਅਧੀਨ ਬਾਬਾ ਜੀਵਨ ਸਿੰਘ ਵੈਲਫੇਅਰ ਯੂਥ ਕਲੱਬ ਵੱਲੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸੰਵਿਧਾਨ ਦਿਵਸ 'ਤੇ ਇਕ ਸੈਮੀਨਾਰ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਜਗਜੀਤ ਕੌਰ ਦੀ ਨਿਗਰਾਨੀ ਹੇਠ ਕਰਵਾਇਆ। ਇਸ ਮੌਕੇ ’ਤੇ ਪੰਜਾਬ ਪੁਲਿਸ ਦਿਹਾਤੀ ਵਿਭਾਗ ਜਲੰਧਰ ਦੇ ਕਾਨੂੰਨ ਅਧਿਕਾਰੀ ਇੰਦਰਪਾਲ ਸਿੰਘ ਤੇਜੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐੱਲਐੱਸਏ) ਤੋਂ ਸਹਾਇਕ ਕਾਨੂੰਨੀ ਸਲਾਹਕਾਰ ਐਡਵੋਕੇਟ ਅਰਪਨਾ ਨਾਹਰ ਤੇ ਯੁਵਰਾਜ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਮਾਗਮ ਦੀ ਸ਼ੁਰੂਆਤ ਦੀਪ ਪ੍ਰਜਵਲੀਤ ਕਰਕੇ ਕੀਤੀ ਗਈ। ਇਸ ਮੌਕੇ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਬੀਆਰ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸੈਮੀਨਾਰ ਦੀ ਮੁੱਖ ਬੁਲਾਰੇ ਐਡਵੋਕੇਟ ਸੋਨਲ ਨੇ ਸੰਵਿਧਾਨ ਦੀ ਮਹੱਤਤਾ ਤੇ ਇਸਦੇ ਕਾਨੂੰਨੀ ਅਧਿਕਾਰਾਂ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਭਾਰਤੀ ਸੰਵਿਧਾਨ ’ਚ ਨਿਆਂ, ਆਜ਼ਾਦੀ, ਸਮਾਨਤਾ ਤੇ ਭਾਈਚਾਰਾ ਦੇ ਚਾਰ ਥੰਮ੍ਹ ਸ਼ਾਮਲ ਹਨ। ਇਸ ਮੌਕੇ ਮੁੱਖ ਮਹਿਮਾਨ ਤੇਜੀ ਨੇ ਕਲੱਬ ਦੇ ਪ੍ਰਧਾਨ ਕੀਰਤੀ ਕਾਂਤ ਕਲਿਆਣ ਦੀ ਅਗਵਾਈ ਹੇਠ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਸੁਰਿੰਦਰ ਕਲਿਆਣ ਨੇ ਬਾਬਾ ਸਾਹਿਬ ਭੀਮ ਰਾਓ ਜੀ ਦੀ ਜੀਵਨੀ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਪੂਰੀ ਦੁਨੀਆ ਭਰ ’ਚ ਪ੍ਰਸ਼ੰਸਾ ਕੀਤੀ ਜਾਂਦੀ ਹੈ ਐਡਵੋਕੇਟ ਅਮੀਨਾ ਖਾਤੂਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨਗਰ ਨਿਗਮ ਵੱਲੋਂ ਸੀਐੱਫ ਵੈਸਟ ਸੁਮਨ ਜੁਗਲ, ਸੀਐੱਫ ਨੌਰਥ ਅਮਨਦੀਪ ਕੌਰ ਨੇ ਸ਼ਿਰਕਤ ਕੀਤੀ ਮੰਚ ਦਾ ਸੰਚਾਲਨ ਕਾਲਜ ਦੀਆਂ ਵਿਦਿਆਰਥਣਾਂ ਹਿਮਾਂਸ਼ੀ ਤੇ ਸ਼ਿਵਾਨੀ ਨੇ ਕੀਤਾ। ਸਮਾਗਮ ’ਚ ਸੰਵਿਧਾਨ ਪ੍ਰਤੀ ਸਤਿਕਾਰ ਤੇ ਰਾਸ਼ਟਰ ਦੀ ਸ਼ਾਨ ਬਣਾਈ ਰੱਖਣ ਦੀ ਸਹੁੰ ਵੀ ਚੁੱਕੀ ਗਈ। ਮਾਈ ਭਾਰਤ ਜਲੰਧਰ ਤੋਂ ਅਕਾਊਂਟਸ ਤੇ ਪ੍ਰੋਗਰਾਮ ਸਹਾਇਕ ਗੌਰਵ ਚੁੱਘ, ਐੱਮਟੀਐੱਸ ਕੁਲਵਿੰਦਰ ਸਿੰਘ, ਪ੍ਰੋਫੈਸਰ ਕਿਰਨਦੀਪ ਕੌਰ, ਐੱਨਐੱਸਐੱਸ ਯੂਨਿਟ ਇੰਚਾਰਜ ਪ੍ਰੋਫੈਸਰ ਪ੍ਰਿਯੰਕਾ ਅਗਨੀਹੋਤਰੀ, ਪ੍ਰੋਫੈਸਰ ਰਿਤਿਕਾ ਚੌਧਰੀ ਸੈਣੀ, ਪ੍ਰਭਦੀਪ ਕੌਰ, ਪ੍ਰੋਫੈਸਰ ਰਾਜੇਸ਼ ਸ਼ਰਮਾ, ਡਾ.ਸਰੇਸ਼ਤਾ ਸ਼ਰਮਾ, ਕਮਲ ਕੁਮਾਰ, ਰੋਹਿਤ ਭਾਟੀਆ ਸੀਮਾ ਸੁਭ ਆਦਿ ਵੀ ਮੌਜੂਦ ਸਨ। ਕਲੱਬ ਦੇ ਪ੍ਰਧਾਨ ਤੇ ਉੱਗੇ ਸਮਾਜ ਸੇਵੀ ਕੀਰਤੀ ਕਾਂਤ ਕਲਿਆਣ ਨੇ ਸਮਾਗਮ ’ਚ ਮੌਜੂਦ ਸਾਰੇ ਵਿਦਿਆਰਥੀਆਂ, ਸਟਾਫ਼, ਪਤਵੰਤਿਆਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਕਲੱਬ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਕਾਲਜ ਦੇ ਪ੍ਰਿੰਸੀਪਲ ਤੇ ਮੁੱਖ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ।