ਰਾਕੇਸ਼ ਗਾਂਧੀ, ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੂਰ ਰੱਖਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਹਿ' ਦੀ ਲੜੀ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ਦੇ ਸੰਵੇਦਨਸ਼ੀਲ ਤੇ ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਪੈਦਲ ਗਸ਼ਤ ਕੀਤੀ ਗਈ। ਏਡੀਸੀਪੀ ਵਤਸਲਾ ਗੁਪਤਾ, ਏਸੀਪੀ ਹਰਸਿਮਰਤ ਸਿੰਘ ਅਤੇ ਥਾਣਾ ਚਾਰ ਦੇ ਮੁਖੀ ਸਬ ਇੰਸਪੈਕਟਰ ਰਛਪਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਵਲੋਂ ਜੋਤੀ ਚੌਕ ਤੋਂ ਭੀੜੇ ਬਜ਼ਾਰਾਂ ਵਿੱਚ ਪੈਦਲ ਗਸ਼ਤ ਕੀਤੀ ਗਈ। ਪੁਲਿਸ ਬਲਾਂ ਵਲੋਂ ਬਜ਼ਾਰਾਂ ਦੀ ਜਾਂਚ ਕਰਨ ਤੋਂ ਇਲਾਵਾ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੋਕਾਂ ਅਤੇ ਦੁਕਾਨਦਾਰਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਪੈਦਲ ਗਸ਼ਤ ਦਾ ਮੁੱਖ ਮੰਤਵ ਲਾਕਡਾਊਨ ਦੌਰਾਨ ਪਾਬੰਦੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੋਂ ਇਲਾਵਾ ਸ਼ਹਿਰ ਦੇ ਸੌੜੇ ਬਜ਼ਾਰਾਂ ਵਿੱਚ ਅਮਨ ਕਾਨੂੰਨ ਦੀ ਸਥਿਤੀ 'ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਦੁਕਾਨਾਂ ਖੋਲਣ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਸਮਾਜਿਕ ਦੂਰੀ ਦਾ ਪਾਲਣਾ ਕਰਨਾ ਜਰੂਰੀ ਹੈ। ਬਾਹਰ ਜਾਣ ਲੱਗਿਆ ਲੋਕਾਂ ਵਲੋਂ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਇਸ ਨਿਯਮ ਨੂੰ ਜਰੂਰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਮਾਸਕ ਨਾ ਪਹਿਨਣ 'ਤੇ ਕਿਸੇ ਵੀ ਵਿਅਕਤੀ ਨੂੰ 500 ਰੁਪਏ ਜੁਰਮਾਨਾ , ਹੋਮ ਕੁਆਰੰਟੀਨ ਦੀ ਉਲੰਘਣਾ 'ਤੇ 2000 ਰੁਪਏ ਜੁਰਮਾਨਾ, ਜਨਤਕ ਥਾਵਾਂ 'ਤੇ ਥੁੱਕਣ ਲਈ 500 ਰੁਪਏ ਜੁਰਮਾਨਾ, ਦੁਕਾਨਦਾਰਾਂ ਅਤੇ ਮਾਲਸ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ 'ਤੇ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ । ਬੱਸਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ 'ਤੇ 3000 ਰੁਪਏ, ਕਾਰ ਮਾਲਕਾਂ 'ਤੇ 2000 ਰੁਪਏ, ਆਟੋ ਰਿਕਸ਼ਾ, ਦੋ ਪਹੀਆ ਵਾਹਨ ਮਾਲਕਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ਕਰਨ 'ਤੇ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਪੁਲਿਸ ਵਲੋਂ ਪੈਦਲ ਗਸ਼ਤ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਸ਼ਹਿਰੀ ਖੇਤਰਾਂ ਵਿੱਚ ਪੁਲਿਸ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ ਅਤੇ ਜੁਰਮਾਂ ਵਿੱਚ ਕਮੀ ਆਉਂਦੀ ਹੈ ਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਵੀ ਵਧਦੀ ਹੈ।