ਪੱਤਰ ਪੇ੍ਰਰਕ, ਜਲੰਧਰ : ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ 10 ਸਾਲ ਤੋਂ ਘੱਟ ਉਮਰ ਦੀ ਵਿਦਿਆਰਥਣਾਂ ਨੂੰ ਕੰਨਿਆ ਸਮਿ੍ਧੀ ਯੋਜਨਾ ਤਹਿਤ ਬੈਂਕ ਖਾਤੇ ਖੁੱਲ੍ਹਵਾਉਣ ਲਈ ਉਨ੍ਹਾਂ ਦੇ ਮਾਪਿਆਂ ਨੂੰ ਵੀ ਜਾਗਰੂਕ ਕਰਨਗੇ। ਇਸ ਸਬੰਧੀ ਡਾਇਰੈਕਟੋਰੇਟ ਵੱਲੋਂ ਸਮੂਹ ਜ਼ਲਿ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਮੇਤ ਸੂਬੇ ਭਰ ਦੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਜੋ ਉਹ ਆਪਣੇ ਅਧੀਨ ਆਉਣ ਵਾਲੇ ਵਿਦਿਆਰਥੀਆਂ ਤੱਕ ਇਹ ਸੁਨੇਹਾ ਪਹੁੰਚਾਏ ਤੇ ਇਸ ਸਕੀਮ ਦਾ ਲਾਭ ਲੈ ਸਕਣ। ਇਸ ਸਬੰਧੀ ਸਾਰਿਆਂ ਨੂੰ ਵਿਭਾਗ ਵੱਲੋਂ ਸਕੀਮਾਂ ਦੇ ਲਾਭ ਨੂੰ ਲੈ ਕੇ ਨਿਯਮਾਂ ਅਤੇ ਸ਼ਰਤਾਂ ਦਾ ਪੱਤਰ ਵੀ ਸਾਂਝਾ ਕੀਤਾ ਹੈ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਚੰਗੀ ਜਾਣਕਾਰੀ ਦੇਣ। ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਰਬ ਸਿੱਖਿਆ ਅਭਿਆਨ ਸਮੇਤ ਕਈ ਸਕੀਮਾਂ ਤਹਿਤ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ ਕਿਉਂਕਿ ਸਕੀਮਾਂ, ਵਜ਼ੀਫੇ ਆਦਿ ਦੀ ਰਾਸ਼ੀ ਸਿੱਧੇ ਵਿਦਿਆਰਥੀਆਂ ਦੇ ਖਾਤਿਆਂ 'ਚ ਹੀ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਬੈਂਕਾਂ ਤੇ ਡਾਕਖਾਨਿਆਂ 'ਚ ਪੀਪੀਐੱਫ ਖਾਤੇ ਖੋਲ੍ਹਣ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।

-ਦਸ ਸਾਲ ਤਕ ਦੀਆਂ ਲੜਕੀਆਂ ਲੈ ਸਕਦੀਆਂ ਹਨ ਲਾਭ

-ਜਿਨ੍ਹਾਂ ਵਿਦਿਆਰਥਣਾਂ ਦੀ ਉਮਰ ਦਸ ਸਾਲ ਜਾਂ ਇਸ ਤੋਂ ਘੱਟ ਹੈ, ਉਹ ਸੁਕੰਨਿਆ ਸਮਿ੍ਧੀ ਯੋਜਨਾ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ

- ਸਿਰਫ ਇਕ ਨਾਂ 'ਤੇ ਇਕ ਹੀ ਖਾਤਾ ਖੋਲਿ੍ਹਆ ਜਾ ਸਕਦਾ ਹੈ

-ਇਕ ਪਰਿਵਾਰ 'ਚ ਸਿਰਫ਼ ਦੋ ਲੜਕੀਆਂ ਦੇ ਹੀ ਖਾਤਾ ਖੋਲੇ ਜਾ ਸਕਦਾ ਹੈ

-ਵਿੱਤੀ ਸਾਲ ਦੌਰਾਨ ਖਾਤੇ 'ਚ ਘੱਟੋ-ਘੱਟ 250 ਰੁਪਏ ਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾਂ ਕਰਵਾਏ ਜਾ ਸਕਦੇ ਹਨ

-ਦਸਵੀਂ ਜਮਾਤ ਤੇ 18 ਸਾਲ ਦੀ ਉਮਰ ਵਿਚ ਹੋਣ ਤੇ 50 ਫੀਸਦੀ ਤੱਕ ਦੀ ਰਕਮ ਕਢਵਾਈ ਜਾ ਸਕਦੀ ਹੈ

-ਇਸ ਸਕੀਮ ਤਹਿਤ 21 ਸਾਲ ਦੀ ਉਮਰ 'ਤੇ ਸਾਰੀ ਰਕਮ ਖਾਤੇ 'ਚ ਆ ਜਾਵੇਗੀ।