ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਬੀਤੀ ਰਾਤ ਅਵਤਾਰ ਨਗਰ 'ਚ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ। ਅਵਤਾਰ ਨਗਰ ਵਾਸੀ ਇੰਦਰਜੀਤ ਸਿੰਘ ਉਰਫ ਬੌਨੀ ਨਾਲ ਅੱਠ ਨੌਜਵਾਨਾਂ ਨੇ ਪਹਿਲਾਂ ਹੱਥੋਪਾਈ ਕੀਤੀ ਤੇ ਬਾਅਦ 'ਚ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨਾਂ ਵੱਲੋਂ ਬੌਨੀ 'ਤੇ ਵਰ੍ਹਾਈਆਂ ਗਈਆਂ ਇੱਟਾਂ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਫੁਟੇਜ 'ਚ ਦੇਖਿਆ ਗਿਆ ਹੈ ਕਿ ਅੱਠ ਨੌਜਵਾਨ ਗਲੀ 'ਚ ਇਕੱਠੇ ਹੁੰਦੇ ਹਨ, ਬੌਨੀ ਨਾਲ ਗੱਲ ਕਰ ਰਹੇ ਹੁੰਦੇ ਹਨ। ਅਚਾਨਕ ਅੱਠ ਨੌਜਵਾਨ ਬੌਨੀ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੰਦੇ ਹਨ। ਅੱਠ ਨੌਜਵਾਨ ਇੰਨੀ ਤੈਸ਼ 'ਚ ਸਨ ਕਿ ਗਲੀ 'ਚ ਪਈਆਂ ਇੱਟਾਂ ਬੌਨੀ 'ਤੇ ਵਰ੍ਹਾਉਣੀਆਂ ਸ਼ੁਰੂ ਕਰ ਦਿੰਦੇ ਹਨ। ਨੌਜਵਾਨਾਂ ਨੇ ਬੌਨੀ ਦੇ ਸਰੀਰ ਤੇ ਸਿਰ 'ਤੇ ਇੱਟਾਂ ਮਾਰੀ ਤੇ ਬੌਨੀ ਬੇਸੁੱਧ ਹੋ ਕੇ ਡਿੱਗ ਪਿਆ। ਅੱਠ ਨੌਜਵਾਨ ਜਦੋਂ ਇੱਟਾਂ ਮਾਰਨ ਤੋਂ ਬਾਅਦ ਜਾਣ ਲੱਗੇ ਤਾਂ ਇਕ ਨੌਜਵਾਨ ਦੁਬਾਰਾ ਆ ਕੇ ਬੌਨੀ ਦੇ ਸਿਰ 'ਤੇ ਇੱਟਾਂ ਮਾਰਦਾ ਦਿਸ ਰਿਹਾ ਹੈ। ਬੌਨੀ ਦੇ ਪਰਿਵਾਰਕ ਮੈਂਬਰ ਕੁਝ ਬੋਲਣ ਲਈ ਤਿਆਰ ਨਹੀਂ ਹਨ। ਕਿਹੜੇ ੌਨੌਜਵਾਨ ਸਨ, ਉਨ੍ਹਾਂ ਨੂੰ ਪਤਾ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਬੌਨੀ ਨੂੰ ਆਕਸਫੋਰਡ ਹਸਪਤਾਲ 'ਚ ਦਾਖਲ ਕਰਵਾਇਆ। ਨੌਜਵਾਨ ਹਸਪਤਾਲ ਦੇ ਆਈਸੀਯੂ 'ਚ ਦਾਖਲ ਹੈ। ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਬੌਨੀ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਗੁਰਵੀਰ ਗਿੱਲ ਨੇ ਦੱਸਿਆ ਕਿ ਉਕਤ ਨੌਜਵਾਨ ਆਈਸੀਯੂ 'ਚ ਦਾਖਲ ਹੈ। ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਟਾਂਕੇ ਲੱਗੇ ਹੋਏ ਹਨ। ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ। ਭਾਰਗੋ ਕੈਂਪ ਦੇ ਏਐÎੱਸਆਈ ਰਘੁਵੀਰ ਸਿੰਘ ਨੇ ਕਿਹਾ ਕਿ ਜ਼ਖਮੀ ਨੌਜਵਾਨ ਦੇ ਹੋਸ਼ 'ਚ ਆਉਂਦਾ ਹੈ ਤਾਂ ਬਿਆਨ ਲਏ ਜਾਣਗੇ। ਪੁਲਿਸ ਜਾਂਚ 'ਚ ਰੁੱਝੀ ਹੋਈ ਹੈ।