ਪਿੰ੍ਸ , ਲਾਲੀ, ਨੂਰਮਹਿਲ : ਨੂਰਮਹਿਲ ਦੇ ਲਾਗਲੇ ਪਿੰਡ ਚੀਮਾਂ ਕਲਾਂ ਵਿਖੇ ਦੋ ਪਰਵਾਸੀਆਂ ਦੇ ਦੋਹਰੇ ਕਤਲ ਨੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚੀਮਾਂ ਕਲਾਂ ਵਿਖੇ ਦੋ ਪਰਵਾਸੀ ਵਿਅਕਤੀਆਂ ਦਾ ਕਤਲ ਹੋਇਆ ਹੈ । ਜਿਨ੍ਹਾਂ ਦੀਆਂ ਅੱਜ ਖੂਹ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਵਿਦਿਆਨੰਦ ਤੇ ਸ਼ੁਵਮ ਤੇ ਇਨ੍ਹਾਂ ਨੂੰ ਮਾਰਨ ਵਾਲਾ ਰਾਮ ਚੰਦਰ ਤਿੰਨੋਂ ਪੂਰਣੀਆਂ (ਬਿਹਾਰ) ਦੇ ਰਹਿਣ ਵਾਲੇ ਸਨ । ਰਾਮ ਚੰਦਰ ਨੇ ਵਿਦਿਆਨੰਦ ਤੇ ਸ਼ੁਵਮ ਨੂੰ ਦਿੱਲੀ ਤੋਂ ਆਪਣੇ ਕੋਲ ਬੁਲਾਇਆ ਸੀ। ਇਸ ਦੌਰਾਨ ਚੱਲ ਰਹੀ ਜਾਂਚ ਅਨੁਸਾਰ ਪਤਾ ਲੱਗਾ ਕਿ ਇਨ੍ਹਾਂ ਕੋਲ ਹਜ਼ਾਰਾਂ ਰੁਪਏ ਦੀ ਨਕਦੀ ਸੀ ਤੇ ਸ਼ਾਇਦ ਪੈਸਿਆਂ ਦੇ ਲਾਲਚ ਕਾਰਨ ਰਾਮ ਚੰਦਰ ਨੇ ਇਨ੍ਹਾਂ ਨੂੰ ਪਹਿਲਾਂ ਕੋਈ ਜਹਿਰੀਲੀ ਚੀਜ ਖਵਾਈ ਤੇ ਬਾਅਦ ਵਿੱਚ ਦੋਵਾਂ ਨੂੰ ਸਾੜਨ ਤੋਂ ਬਾਅਦ ਖੂਹ ਵਿਚ ਸੁੱਟ ਦਿੱਤਾ। ਮੁਲਜ਼ਮ ਇਨ੍ਹਾਂ ਕੋਲ ਪਈ 45 ਹਜ਼ਾਰ ਦੀ ਨਕਦੀ ਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਿਆ। ਉਨਾਂ੍ਹ ਦੱਸਿਆ ਕਿ ਰਾਮ ਚੰਦਰ ਆਪਣੀ ਪਤਨੀ ਨੂੰ ਵੀ ਦੱਸ ਗਿਆ ਕਿ ਉਸਨੇ ਕਤਲ ਕਰਕੇ ਲਾਸ਼ ਖੂਹ ਵਿੱਚ ਸੁੱਟੀਆਂ ਹਨ। ਪੁਲਿਸ ਵਲੋਂ ਰਾਮ ਚੰਦਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਤੇ ਇਸ ਦੋਹਰੇ ਕਤਲ ਦੇ ਹੋਰ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਜਲਦ ਹੀ ਪੁਲਿਸ ਵਲੋਂ ਫੜ ਲਿਆ ਜਾਵੇਗਾ।