ਰਾਕੇਸ਼ ਗਾਂਧੀ, ਜਲੰਧਰ : ਕੋਵਿਡ-19 ਕਾਰਨ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪਰ ਪੁਲਿਸ ਦੇ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਪਰਵਾਹ ਨਾ ਕਰਦੇ ਹੋਏ ਥਾਣਾ ਨੰਬਰ ਤਿੰਨ ਦੇ ਇਲਾਕੇ 'ਚ ਪੈਂਦੇ ਫਤਿਹਪੁਰੀ ਮੁਹੱਲੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਇੱਕ ਘਰ ਵਿੱਚ ਵੜ ਕੇ ਪਿਓ-ਪੁੱਤਰ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਮੁਹੱਲੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਰੌਲਾ ਪਾਉਣ ਕਾਰਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹਾਲਤ 'ਚ ਦੋਵਾਂ ਪਿਓ-ਪੁੱਤਰ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਨੀਰਜ ਗਾਂਧੀ ਵਾਸੀ ਫਤਿਹਪੁਰੀ ਮੁਹੱਲੇ 'ਚ ਐਤਵਾਰ ਸ਼ਾਮ ਸਵਾ ਛੇ ਵਜੇ ਆਪਣੇ ਪੁੱਤਰ ਅਭਿਸ਼ੇਕ ਗਾਂਧੀ ਨਾਲ ਘਰ 'ਚ ਪਾਈ ਹੋਈ ਕਰਿਆਨੇ ਦੀ ਦੁਕਾਨ 'ਤੇ ਬੈਠਾ ਸੀ। ਮੋਟਰਸਾਈਕਲਾਂ ਉੱਪਰ ਸਵਾਰ 6-7 ਨੌਜਵਾਨ ਜਿਨ੍ਹਾਂ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਸਨ, ਆਏ ਤੇ ਸਿੱਧਾ ਉਨ੍ਹਾਂ ਦੀ ਦੁਕਾਨ ਅੰਦਰ ਚਲੇ ਗਏ। ਦੁਕਾਨ ਅੰਦਰ ਵੜਦਿਆਂ ਹੀ ਨੌਜਵਾਨਾਂ ਨੇ ਨੀਰਜ ਗਾਂਧੀ ਤੇ ਅਭਿਸ਼ੇਕ ਉੱਪਰ ਹਮਲਾ ਕਰ ਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਪਿਓ-ਪੁੱਤਰ ਦੀਆਂ ਚੀਕਾਂ ਸੁਣ ਕੇ ਮੁਹੱਲੇ ਦਾ ਨੌਜਵਾਨ ਉੱਥੇ ਪਹੁੰਚਿਆ ਤੇ ਪੁਲਿਸ-ਪੁਲਿਸ ਦਾ ਰੌਲਾ ਪਾਉਣ ਲੱਗਾ। ਚੀਕਾਂ ਸੁਣਦਿਆਂ ਹੀ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਅਤੇ ਜਾਂਦੇ-ਜਾਂਦੇ ਧਮਕੀ ਦੇ ਗਏ ਕਿ ਕੋਈ ਗੱਲ ਨਹੀਂ, ਅੱਜ ਤਾਂ ਤੁਸੀਂ ਬਚ ਗਏ, ਫੇਰ ਤੁਹਾਨੂੰ ਦੇਖ ਲਵਾਂਗੇ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਕੌਂਸਲਰ ਸਲਿਲ ਬਾਹਰੀ, ਏਸੀਪੀ ਡਾ. ਮੁਕੇਸ਼ ਕੁਮਾਰ, ਥਾਣਾ ਤਿੰਨ ਦੇ ਮੁਖੀ ਇੰਸਪੈਕਟਰ ਰੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਕੌਂਸਲਰ ਨੇ ਜਖ਼ਮੀ ਹਾਲਤ ਵਿੱਚ ਪਏ ਨੀਰਜ ਗਾਂਧੀ ਅਤੇ ਉਸ ਦੇ ਪੁੱਤਰ ਨੂੰ ਆਪਣੀ ਗੱਡੀ ਵਿੱਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਮੌਕੇ 'ਤੇ ਮੌਜੂਦ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਅਭਿਸ਼ੇਕ ਗਾਂਧੀ ਦਾ ਕੁਝ ਨੌਜਵਾਨਾਂ ਨਾਲ ਵਿਵਾਦ ਹੋ ਗਿਆ ਸੀ ਜਿਸ ਦਾ ਕੁਝ ਦੇਰ ਪਹਿਲਾਂ ਹੀ ਥਾਣੇ ਵਿਚ ਰਾਜ਼ੀਨਾਮਾ ਹੋਇਆ ਸੀ। ਰਾਜ਼ੀਨਾਮੇ ਤੋਂ ਬਾਅਦ ਪਿਓ ਪੁੱਤ ਹਾਲੇ ਆਪਣੇ ਘਰ ਪਹੁੰਚੇ ਹੀ ਸਨ ਕਿ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਸੀ। ਥਾਣਾ ਮੁਖੀ ਇੰਸਪੈਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਲਏ ਗਏ ਹਨ ਅਤੇ ਇਨ੍ਹਾਂ ਉੱਪਰ ਹਮਲਾ ਕਰਨ ਵਾਲੇ ਉਹੀ ਨੌਜਵਾਨ ਹਨ, ਜਿਨ੍ਹਾਂ ਨਾਲ ਅੱਜ ਇਨ੍ਹਾਂ ਦਾ ਰਾਜ਼ੀਨਾਮਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬਿਆਨਾਂ ਦੇ ਅਧਾਰ 'ਤੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।