ਸੋਨਾ ਪੁਰੇਵਾਲ/ਸਾਹਿਲ, ਨਕੋਦਰ

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਚੇਅਰਮੈਨ ਸੰਦੀਪ ਕੁਮਾਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਟੀਮ ਨੇ ਸਿਟੀ ਥਾਣੇ 'ਚ ਤਾਇਨਾਤ ਏਐੱਸਆਈ ਅਮੀਰ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਵਿਜੀਲੈਂਸ ਦਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਸ਼ਰਕਪੁਰ ਵਾਸੀ ਪੂਜਾ ਗਿੱਲ ਵੱਲੋਂ ਆਪਣੇ ਪਤੀ, ਸੱਸ ਅਤੇ ਦਿਓਰ ਖਿਲਾਫ ਦਾਜ ਮੰਗਣ ਅਤੇ ਘਰੇਲੂ ਹਿੰਸਾ ਦਾ ਦੋਸ਼ ਲਗਾ ਕੇ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਜਾਂਚ ਅਧਿਕਾਰੀ ਸਿਟੀ ਥਾਣੇ 'ਚ ਤਾਇਨਾਤ ਅਮੀਰ ਸਿੰਘ ਏਐੱਸਆਈ ਸਨ। ਸੰਦੀਪ ਕੁਮਾਰ ਮੁਤਾਬਕ ਏਐੱਸਆਈ ਅਮੀਰ ਸਿੰਘ ਵੱਲੋਂ ਲੜਕੀ ਨੂੰ ਉਸ ਦੇ ਸਹੁਰੇ ਘਰ ਭੇਜਣ ਦੇ ਇਵਜ਼ 'ਚ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜੋ ਕਿ ਅੱਜ ਦੇਣੇ ਤੈਅ ਹੋਏ ਸਨ। ਵਿਜੀਲੈਂਸ ਟੀਮ ਨੇ ਸ਼ਿਕਾਇਤਕਰਤਾ ਸੰਦੀਪ ਕੁਮਾਰ ਕੋਲੋਂ ਏਐੱਸਆਈ ਅਮੀਰ ਸਿੰਘ ਵੱਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ।

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਚੇਅਰਮੈਨ ਸੰਦੀਪ ਕੁਮਾਰ ਅਤੇ ਪ੍ਰਧਾਨ ਗੌਰਵ ਨਾਗਰਾਜ ਐਡਵੋਕੇਟ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਬਿਕਰਮਜੀਤ ਸਿੰਘ ਰਾਜਾ ਵਾਸੀ ਪਿੰਡ ਮੇਵਾ ਸਿੰਘ ਵਾਲਾ ਸੁਲਤਾਨਪੁਰ ਦਾ ਕਰੀਬ 8 ਮਹੀਨੇ ਪਹਿਲਾਂ ਵਿਆਹ ਪੂਜਾ ਗਿੱਲ ਵਾਸੀ ਪਿੰਡ ਸ਼ਰਕਪੁਰ ਨਾਲ ਹੋਇਆ ਸੀ। ਲੜਕੀ ਵੱਲੋਂ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਮੰਗਣ ਅਤੇ ਘਰੇਲੂ ਹਿੰਸਾ ਦਾ ਦੋਸ਼ ਲਗਾ ਕੇ ਨਕੋਦਰ ਥਾਣੇ ਦਰਖਾਸਤ ਦਿੱਤੀ ਗਈ ਸੀ ਜਿਸ ਸਬੰਧੀ ਦੋਹਾਂ ਧਿਰਾਂ 'ਚ ਰਾਜ਼ੀਨਾਮਾ ਹੋ ਗਿਆ ਸੀ। ਕਥਿਤ ਤੌਰ 'ਤੇ ਏਐੱਸਆਈ ਅਮੀਰ ਸਿੰਘ ਲੜਕੀ ਨੂੰ ਉਸ ਦੇ ਸਹੁਰੇ ਘਰ ਭੇਜਣ ਦੇ ਇਵਜ 'ਚ ਉਨ੍ਹਾਂ ਕੋਲੋਂ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਜਿਸ ਬਾਰੇ ਐੱਸਐੱਸਪੀ ਵਿਜੀਲੈਂਸ ਦਲਜਿੰਦਰ ਸਿੰਘ ਿਢੱਲੋਂ ਕੋਲ ਸ਼ਿਕਾਇਤ ਕੀਤੀ ਗਈ ਸੀ।