ਰਾਕੇਸ ਗਾਂਧੀ/ ਸੋਨਾ ਪੁਰੇਵਾਲ, ਜਲੰਧਰ /ਨਕੋਦਰ : ਸਿਟੀ ਥਾਣਾ ਨਕੋਦਰ ਵਿੱਚ ਤਾਇਨਾਤ ਇੱਕ ਏਐੱਸਆਈ ਨੂੰ ਵਿਜੀਲੈਂਸ ਦੀ ਟੀਮ ਨੇ ਉਸ ਵੇਲੇ ਰੰਗੇ ਹੱਥੀਂ ਕਾਬੂ ਕਰ ਲਿਆ ਜਦ ਉਹ ਇਕ ਦਾਈ ਕੋਲੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਇਸ ਸਬੰਧੀ ਐੱਸਐੱਸਪੀ ਵਿਜੀਲੈਂਸ ਬਿਊਰੋ ਜਲੰਧਰ ਯੂਨਿਟ ਡੀਐੱਸ ਿਢੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਊਸ਼ਾ ਅਫਗਾਨੀ ਪਤਨੀ ਹੇਤ ਨਾਰਾਇਣ ਵਾਸੀ ਗੋਲਡਨ ਐਵੇਨਿਊ ਕਾਲੋਨੀ ਨਕੋਦਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਸਿਵਲ ਹਸਪਤਾਲ ਜੰਡਿਆਲਾ ਵਿਖੇ ਮਿਡਵਾਈਫ (ਦਾਈ) ਦਾ ਕੰਮ ਕਰਦੀ ਹੈ। 23 ਅਗਸਤ 2020 ਨੂੰ ਉਹ ਹਸਪਤਾਲ 'ਚ ਕੰਮ 'ਤੇ ਆਈ ਹੋਈ ਸੀ ਤੇ ਘਰ ਵਿਚ ਉਸਦੀ ਨੂੰਹ ਪੁਸ਼ਪਾ ਰਾਣੀ ਇਕੱਲੀ ਸੀ। ਉਸੇ ਵੇਲੇ ਰੀਟਾ ਪਤਨੀ ਜੇਮਸ ਵਾਸੀ ਗਾਂਧਰਾ ਨਕੋਦਰ ਜੋ ਕਿ ਗਰਭਵਤੀ ਸੀ ਆਪਣੇ ਪਤੀ ਤੇ ਇਕ ਹੋਰ ਅੌਰਤ ਨਾਲ ਉਨ੍ਹਾਂ ਦੇ ਘਰ ਡਿਲਵਰੀ ਕਰਵਾਉਣ ਲਈ ਆਈ ਸੀ। ਉਸ ਦੀ ਨੂੰਹ ਨੇ ਉਨ੍ਹਾਂ ਦੀ ਡਿਲੀਵਰੀ ਕਰਵਾ ਦਿੱਤੀ ਪਰ ਉਸ ਨੂੰ ਮਰਿਆ ਹੋਇਆ ਬੱਚਾ ਪੈਦਾ ਹੋਇਆ। ਜਿਸ ਬਾਰੇ ਉਸ ਦੀ ਨੂੰਹ ਨੇ ਉਨ੍ਹਾਂ ਨੂੰ ਦੱਸ ਦਿੱਤਾ ਤੇ ਦਵਾਈ ਲਿਖ ਕੇ ਦੇ ਦਿੱਤੀ ਕਿ ਬਾਜ਼ਾਰੋਂ ਲੈ ਕੇ ਖਾ ਲੈਣਾ। 31 ਅਗਸਤ ਨੂੰ ਉਨ੍ਹਾਂ ਨੇ ਥਾਣਾ ਸਿਟੀ ਨਕੋਦਰ ਵਿਚ ਪੁਸ਼ਪਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਏਐਸਆਈ ਮੁਲਖ ਰਾਜ ਨੇ ਉਸ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਿਥੋਂ ਮਾਣਯੋਗ ਅਦਾਲਤ ਵੱਲੋਂ 29 ਸਿਤੰਬਰ ਨੂੰ ਉਸ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਪਰ ਹੁਣ ਬੜੇ ਦਿਨਾਂ ਤੋਂ ਏਐਸੱਆਈ ਉਨ੍ਹਾਂ ਨੂੰ ਫੋਨ ਕਰਕੇ ਕਹਿ ਰਿਹਾ ਸੀ ਕਿ ਉਸ ਦਾ ਚਲਾਨ ਪਾਸ ਕਰਵਾਉਣਾ ਹੈ ਇਸ ਲਈ ਉਸ ਨੂੰ ਮਿਲੋ। ਜਦ ਥਾਣੇ ਜਾ ਕੇ ਉਸ ਨੂੰ ਮਿਲੇ ਤਾਂ ਉਸ ਨੇ ਪੈਸੇ ਦੀ ਮੰਗ ਕੀਤੀ। ਏਐੱਸਆਈ ਨੇ ਉਨ੍ਹਾਂ ਨੂੰ ਕਿਹਾ ਕਿ ਪੰਜ ਹਜ਼ਾਰ ਰੁਪਏ ਰਿਸ਼ਵਤ ਦੇਣੀ ਹੀ ਪਵੇਗੀ। ਇਸ ਤੋ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਜਿਸ ਤੋਂ ਬਾਅਦ ਵਿਜੀਲੈਂਸ ਦੇ ਇੰਸਪੈਕਟਰ ਰਾਜਵਿੰਦਰ ਕੌਰ ਤੇ ਲਖਵਿੰਦਰ ਸਿੰਘ ਦੀ ਟੀਮ ਨੇ ਥਾਣੇ ਵਿੱਚ ਟਰੈਪ ਲਗਾ ਕੇ ਉਸ ਵੇਲੇ ਏਐੱਸਆਈ ਮੁਲਖ ਰਾਜ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਜਦ ਉਸ ਨੇ ਊਸ਼ਾ ਰਾਣੀ ਕੋਲੋਂ ਪੰਜ ਹਜ਼ਾਰ ਰੁਪਏ ਦੇ ਰੰਗ ਲੱਗੇ ਨੋਟ ਲਏ। ਵਿਜੀਲੈਂਸ ਦੀ ਟੀਮ ਨੇ ਰੰਗ ਲੱਗੇ ਨੋਟ ਵੀ ਬਰਾਮਦ ਕਰ ਲਏ। ਏਐੱਸਆਈ ਦੇ ਖ਼ਿਲਾਫ਼ ਭਿ੍ਸ਼ਟਾਚਾਰ ਦੇ ਐਕਟ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ।