ਰਾਕੇਸ਼ ਗਾਂਧੀ ਜਲੰਧਰ

ਵਿਜੀਲੈਂਸ ਬਿਊਰੋ ਜਲੰਧਰ ਯੂਨਿਟ ਦੀ ਟੀਮ ਵੱਲੋਂ ਇਕ ਨੌਜਵਾਨ ਦੀ ਸ਼ਿਕਾਇਤ 'ਤੇ ਥਾਣਾ ਮਕਸੂਦਾਂ 'ਚ ਤਾਇਨਾਤ ਇਕ ਏਐੱਸਆਈ ਤੇ ਉਸ ਦਾ ਸਾਥ ਦੇਣ ਵਾਲੇ ਪਿੰਡ ਨਾਹਰਪੁਰ ਦੇ ਨੰਬਰਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਿਜੀਲੈਂਸ ਬਿਊਰੋ ਜਲੰਧਰ ਯੂਨਿਟ ਡੀਐੱਸ ਿਢੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਕਰਮਜੀਤ ਸਿੰਘ ਵਾਸੀ ਨਾਹਰਪੁਰ ਕਰਤਾਰਪੁਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਛੋਟਾ ਭਰਾ ਬਲਬੀਰ ਸਿੰਘ ਜਗਜੀਤ ਇੰਡਸਟਰੀ ਹਮੀਰਾ ਵਿਚ ਨੌਕਰੀ ਕਰਦਾ ਹੈ ਤੇ 4 ਫਰਵਰੀ ਨੂੰ ਉਹ ਕੰਮ ਤੋਂ ਵਾਪਸ ਆਪਣੇ ਘਰ ਵੱਲ ਆ ਰਿਹਾ ਸੀ ਤਾਂ ਜਦ ਉਹ ਬਿਧੀਪੁਰ ਫਾਟਕ ਲਾਗੇ ਪਹੁੰਚਿਆ ਤਾਂ ਥਾਣਾ ਮਕਸੂਦਾਂ ਦੇ ਏਐੱਸਆਈ ਵਿਜੇ ਕੁਮਾਰ ਨੇ ਉੱਥੇ ਨਾਕੇਬੰਦੀ ਕੀਤੀ ਹੋਈ ਸੀ। ਜਿੱਥੇ ਉਸ ਦੇ ਛੋਟੇ ਭਰਾ ਨੂੰ ਰੋਕ ਕੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਚਿੱਟੇ ਦਾ ਕੰਮ ਕਰਦਾ ਹੈ ਇਸ ਲਈ ਉਸ ਨੂੰ ਘਰ ਲਿਜਾ ਕੇ ਉਸ ਦੀ ਤਲਾਸ਼ੀ ਲੈਣੀ ਹੈ। ਜਿਸ 'ਤੇ ਏਐੱਸਆਈ ਵਿਜੇ ਕੁਮਾਰ ਉਸ ਦੇ ਭਰਾ ਨੂੰ ਲੈ ਕੇ ਘਰ ਆ ਗਿਆ। ਪਰ ਘਰ ਵਿਚ ਕੋਈ ਮੋਹਤਬਾਰ ਬੰਦਾ ਨਾ ਹੋਣ ਕਾਰਨ ਵਿਜੇ ਕੁਮਾਰ ਇੰਨਾ ਕਹਿ ਕੇ ਉੱਥੋਂ ਉਸ ਦੇ ਭਰਾ ਨੂੰ ਨਾਲ ਲੈ ਗਿਆ ਕਿ ਉਸ ਨੂੰ ਬਿਧੀਪੁਰ ਫਾਟਕ ਲਾਗੇ ਆ ਕੇ ਮਿਲ ਲਓ। ਕੁਝ ਸਮੇਂ ਬਾਅਦ ਉਨ੍ਹਾਂ ਦੇ ਦਾਦਾ ਬਲਕਾਰ ਚੰਦ, ਚਾਚਾ ਸਰਬਜੀਤ ਸਿੰਘ ਬਿਧੀਪੁਰ ਫਾਟਕ ਪਹੁੰਚੇ ਤਾਂ ਵਿਜੇ ਕੁਮਾਰ ਨੇ ਕਿਹਾ ਕਿ ਬਲਬੀਰ ਸਿੰਘ ਚਿੱਟੇ ਦਾ ਕੰਮ ਕਰਦਾ ਹੈ ਇਸ ਲਈ ਉਹ ਸੁਪਰ ਐੱਨਡੀਪੀਐੱਸ ਦਾ ਮਾਮਲਾ ਦਰਜ ਕੀਤਾ ਜਾਣਾ ਹੈ। ਪਰ ਘਰ ਵਾਲਿਆਂ ਦੇ ਇਹ ਕਹਿਣ 'ਤੇ ਕਿ ਇਹ ਸਭ ਗ਼ਲਤ ਹੈ ਕਿਉਂਕਿ ਬਲਬੀਰ ਸਿੰਘ ਤਾਂ ਇਕ ਮਿਹਨਤੀ ਲੜਕਾ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ ਹੈ। ਇੰਨੀ ਗੱਲ ਸੁਣਦਿਆਂ ਹੀ ਏਐੱਸਆਈ ਵਿਜੇ ਕੁਮਾਰ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਬਲਬੀਰ ਸਿੰਘ ਦੀ ਜਗ੍ਹਾ ਉਸ ਦੇ ਪਿਉ ਈਸ਼ਵਰ ਸਿੰਘ 'ਤੇ ਐੱਨਡੀਪੀਐੱਸ ਦਾ ਮਾਮਲਾ ਦਰਜ ਕਰਵਾ ਲਓ। ਜਿਸ ਲਈ ਦੋ ਲੱਖ ਰੁਪਏ ਦੀ ਰਿਸ਼ਵਤ ਦੇਣੀ ਪਵੇਗੀ। ਜਿਸ 'ਤੇ ਏਐੱਸਆਈ ਨੇ ਈਸ਼ਵਰ ਸਿੰਘ ਖ਼ਿਲਾਫ਼ ਐੱਨਡੀਪੀਐੱਸ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ। ਅਗਲੇ ਦਿਨ ਪਿੰਡ ਨਾਹਰਪੁਰ ਦੇ ਨੰਬਰਦਾਰ ਸੁਖਜਿੰਦਰ ਸਿੰਘ ਉਨ੍ਹਾਂ ਕੋਲ ਆਇਆ ਤੇ ਕਹਿਣ ਲੱਗਾ ਕਿ ਏਐੱਸਆਈ ਉਸ ਦਾ ਜਾਣਕਾਰ ਹੈ ਇਸ ਲਈ ਉਹ ਉਨ੍ਹਾਂ ਦਾ ਕੰਮ ਇਕ ਲੱਖ ਦੱਸ ਹਜ਼ਾਰ ਰੁਪਏ ਵਿਚ ਕਰਵਾ ਦੇਵੇਗਾ। ਪੁਲਿਸ ਤੋਂ ਡਰਦੇ ਹੋਏ ਇਨ੍ਹਾਂ ਨੇ ਅਲੱਗ-ਅਲੱਗ ਤਰੀਕਾਂ 'ਤੇ ਸੁਖਜਿੰਦਰ ਸਿੰਘ ਨੂੰ 85 ਹਜ਼ਾਰ ਰੁਪਏ ਕਿਸੇ ਤੋਂ ਵਿਆਜੀ ਲੈ ਕੇ ਦੇ ਦਿੱਤੇ। ਜਦ ਨੰਬਰਦਾਰ ਨੂੰ ਬਲਬੀਰ ਦਾ ਮੋਬਾਈਲ ਤੇ ਮੋਟਰਸਾਈਕਲ ਦਿਵਾਉਣ ਲਈ ਕਿਹਾ ਤਾਂ ਉਸ ਨੇ ਆਖਿਆ ਕਿ ਪਹਿਲਾਂ ਬਕਾਇਆ ਰਕਮ ਦਿਓ ਤਾਂ ਹੀ ਤੁਹਾਨੂੰ ਇਹ ਦੋਵੇਂ ਚੀਜ਼ਾਂ ਮਿਲਣਗੀਆਂ। ਉਨ੍ਹਾਂ ਨਾਲ ਝੂਠਾ ਵਾਅਦਾ ਕਰ ਕੇ ਉਹ ਵਿਜੀਲੈਂਸ ਦੇ ਦਫ਼ਤਰ ਵਿਚ ਆ ਗਏ ਤੇ ਉਨ੍ਹਾਂ ਦੀ ਸ਼ਿਕਾਇਤ 'ਤੇ ਡੀਐੱਸਪੀ ਵਿਜੀਲੈਂਸ ਅਸ਼ਵਨੀ ਕੁਮਾਰ ਤੇ ਇੰਸਪੈਕਟਰ ਲਖਵਿੰਦਰ ਸਿੰਘ ਦੇ ਨਾਲ ਪੂਰੀ ਟੀਮ ਨੇ ਟਰੈਪ ਲਗਾ ਕੇ ਉਸ ਵੇਲੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਜਦ ਬਿਕਰਮਜੀਤ ਸਿੰਘ ਨੇ 25 ਹਜ਼ਾਰ ਦੇ ਰੰਗ ਲੱਗੇ ਨੋਟ ਏਐੱਸਆਈ ਵਿਜੇ ਕੁਮਾਰ ਨੂੰ ਦਿੱਤੇ। ਵਿਜੀਲੈਂਸ ਦੀ ਟੀਮ ਨੇ ਏਐੱਸਆਈ ਕੋਲੋਂ ਰੰਗ ਲੱਗੇ ਨੋਟ ਵੀ ਬਰਾਮਦ ਕਰ ਲਏ ਹਨ। ਐੱਸਐੱਸਪੀ ਿਢੱਲੋਂ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਭਿ੍ਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।