ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ

ਆਸ਼ਾ ਵਰਕਰਜ਼ ਫੈਸਲੀਏਟਰ ਯੂਨੀਅਨ ਪੰਜਾਬ ਬਲਾਕ ਭੋਗਪੁਰ ਦੀ ਪ੍ਰਧਾਨ ਕਵਿਤਾ ਰਾਣੀ ਨੇ ਸਾਥੀਆਂ ਸਮੇਤ ਸਿਵਲ ਹਸਪਤਾਲ ਕਾਲਾ ਬੱਕਰਾ ਦੇ ਸੀਨੀਅਰ ਮੈਡੀਕਲ ਅਫਸਰ ਕਮਲ ਪਾਲ ਸਿੱਧੂ ਰਾਹੀਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ। ਕਵਿਤਾ ਰਾਣੀ ਨੇ ਦੱਸਿਆ ਕਿ ਮੰਗ ਪੱਤਰ 'ਚ ਉਹ ਆਪਣੀਆਂ ਮੰਗਾਂ ਜਿਵੇਂ ਕੋਵਿਡ 19 ਸਬੰਧੀ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਲੀਏਟਰ ਨੂੰ ਦਿੱਤੇ ਜਾ ਰਹੇ 2000/2500 ਦੇ ਇਨਸੈਂਟਿਵ ਬਹੁਤ ਘੱਟ ਹਨ, ਨੂੰ ਵਧਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੋਵਿਡ 19 'ਚ ਕੰਮ ਕਰ ਰਹੀਆਂ ਵਰਕਰਾਂ ਨੂੰ ਪ੍ਰਤੀ ਸੈਸ਼ਨ ਪ੍ਰਤੀ ਵਰਕਰ 200 ਰੁਪਏ ਦਿੱਤੇ ਜਾਣ ਤੇ ਆਸ਼ਾ ਵਰਕਰਾਂ ਨੂੰ ਸੈਂਪਲ ਲਿਆਉਣ ਤੇ ਵਾਪਸ ਜਮ੍ਹਾਂ ਕਰਵਾਉਣ ਲਈ ਦਿਨ ਦੇ 300 ਰੁਪਏ ਦਿੱਤੇ ਜਾਣ ਦੀ ਮੰਗ ਕੀਤੀ ਹੈ। ਕਵਿਤਾ ਰਾਣੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਡੀਏ ਦਿੱਤਾ ਜਾਵੇ ਅਤੇ ਹੋਰ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਕੋਵਿਡ 19 ਦੇ ਪਹਿਲਾਂ ਤੋਂ ਮਿਲ ਰਹੇ ਸਾਰੇ ਲਾਭ ਲਗਾਤਾਰ ਜਾਰੀ ਰੱਖੇ ਜਾਣ ਅਤੇ ਆਸ਼ਾ ਵਰਕਰਾਂ ਨੂੰ ਘੱਟੋਂ-ਘੱਟ ਉਜਰਤਾ ਦੇ ਕਾਨੂੰਨ ਹੇਠ ਲਿਆ ਕੇ ਪ੍ਰਤੀ ਮਹੀਨਾ 10855 ਰੁਪਏ ਅਤੇ ਫੈਸਲੀਏਟਰਾਂ ਨੂੰ ਆਂਗਣਵਾੜੀ ਸੁਪਰਵਾਈਜ਼ਰ ਦਾ ਸਕੇਲ ਦਿੱਤਾ ਜਾਣ ਦੀ ਮੰਗ ਰੱਖੀ ਹੈ। ਇਸ ਦੇ ਨਾਲ ਹੀ ਆਸ਼ਾ ਵਰਕਰਾਂ ਕੋਲਂੋ ਕੋਵਿਡ 19 ਵੈਕਸੀਨੇਸ਼ਨ ਦੀ ਰਜਿਸਟੇ੍ਸ਼ਨ ਕਰਵਾਉਣੀ ਤੇ ਕੋਰੋਨਾ ਟੈਸਟਿੰਗ ਦੀ ਡਿਉਟੀ ਕਰਵਾਉਣੀ ਬੰਦ ਕੀਤੀ ਜਾਵੇ ਅਤੇ ਐਤਵਾਰ ਤੇ ਸਰਕਾਰੀ ਛੁੱਟੀ ਵਾਲੇ ਦਿਨ ਕੋਵਿਡ ਦਾ ਕੰਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।