ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੀ ਆਧੀ ਖੂਹੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਹੈ ਕਿ ਆਧੀ ਖੂਹੀ ਪੁਲਿਸ ਚੌਕੀ ਇੰਚਾਰਜ ਥਾਣੇਦਾਰ ਨਰਿੰਦਰ ਰੱਲ ਸਾਥੀ ਮੁਲਾਜ਼ਮਾਂ ਸਮੇਤ ਜਲੰਧਰ-ਕਪੂਰਥਲਾ ਮਾਰਗ 'ਤੇ ਪੈਂਦੇ ਪਿੰਡ ਮੀਰਪੁਰ ਵਿਚ ਗਸ਼ਤ ਕਰ ਰਹੇ ਸਨ ਤਾਂ ਪਿੰਡ ਮੀਰਪੁਰ ਵੱਲੋਂ ਪੈਦਲ ਆ ਰਿਹਾ ਨੌਜਵਾਨ ਪੁਲਿਸ ਨੂੰ ਵੇਖ ਕੇ ਜੇਬ ਵਿਚੋਂ ਮੋਮੀ ਲਿਫ਼ਾਫ਼ਾ ਸੁੱਟ ਕੇ ਫ਼ਰਾਰ ਹੋਣ ਲੱਗਾ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰ ਕੇ ਸੁੱਟੇ ਹੋਏ ਮੋਮੀ ਲਿਫ਼ਾਫ਼ੇ ਵਿੱਚੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਮੁਖੀ ਰਜੀਵ ਕੁਮਾਰ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਨੌਜਵਾਨ ਜਵਾਹਰ ਉਰਫ਼ ਮਨੀ ਵਾਸੀ ਨਵਾਂ ਪਿੰਡ ਥਾਣਾ ਗੁਰਾਇਆ ਹਾਲ ਵਾਸੀ ਕਿਰਾਏਦਾਰ ਮੁਹੱਲਾ ਸੰਤੋਖ ਪੁਰਾ ਨਜ਼ਦੀਕ ਪਾਣੀ ਵਾਲੀ ਟੈਂਕੀ, ਪਾਥੀਆਂ ਵਾਲਾ ਚੌਕ ,ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਕਾਬੂ ਕੀਤੇ ਗਏ ਨੌਜਵਾਨ ਵਿਰੁੱਧ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਸ ਕੋਲੋਂ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਸਕੇ ਕਿ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਕਿੱਥੇ ਸਪਲਾਈ ਕਰਦਾ ਹੈ ।