ਅਰਸ਼ਦੀਪ ਸਿੰਘ, ਮਲਸੀਆਂ : ਪੁਲਿਸ ਚੌਕੀ ਮਲਸੀਆਂ ਦੀ ਪੁਲਿਸ ਨੇ ਮੰਗਲਵਾਰ ਇਕ ਸਮੱਗਲਰ ਨੂੰ ਇਕ ਕਿੱਲੋ ਅਫੀਮ ਸਣੇ ਗਿ੍ਫਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਪਿਆਰਾ ਸਿੰਘ ਤੇ ਪੁਲਿਸ ਥਾਣਾ ਸ਼ਾਹਕੋਟ ਦੇ ਐੱਸਐੱਚਓ ਸੁਰਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਚੌਕੀ ਮਲਸੀਆਂ ਦੇ ਮੁਖੀ ਸੰਜੀਵਨ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਟੀ-ਪੁਆਇੰਟ ਸੀਬੀਆ ਪੈਲਸ ਰੋਡ ਵਿਖੇ ਨਾਕੇਬੰਦੀ ਦੌਰਾਨ ਚਰਨ ਸਿੰਘ ਵਾਸੀ ਉਕਲਾਨਾ ਮੰਡੀ ਹਿਸਾਰ (ਹਰਿਆਣਾ) ਨੂੰ ਇਕ ਕਿੱਲੋ ਅਫ਼ੀਮ ਸਮੇਤ ਗਿ੍ਫਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿਛ ਦੌਰਾਨ ਚਰਨ ਸਿੰਘ ਨੇ ਦੱਸਿਆ ਹੈ ਕਿ ਉਹ ਵਿਆਹ ਸ਼ਾਦੀਆਂ ਆਦਿ ਦੇ ਕਾਰਡਾਂ ਦੇ ਡਿਜ਼ਾਈਨ, ਜੋ ਕਿ ਦਿੱਲੀ ਤੋਂ ਛੱਪਦੇ ਹਨ, ਨੂੰ ਪੰਜਾਬ, ਹਰਿਆਣਾ, ਯੂਪੀ, ਝਾੜਖੰਡ, ਮੱਧ ਪ੍ਰਦੇਸ਼, ਬਿਹਾਰ ਆਦਿ ਸੂਬਿਆਂ 'ਚ ਸਪਲਾਈ ਕਰਨ ਜਾਂਦਾ ਹੈ। ਰਾਂਚੀ (ਬਿਹਾਰ) ਵਿਖੇ ਉਸ ਨੂੰ ਮੰਗਲ ਸਿੰਘ ਨਾਂ ਦਾ ਵਿਅਕਤੀ ਮਿਲਿਆ ਸੀ, ਜਿਸ ਨੇ ਉਸ ਨੂੰ ਇਹ ਇਕ ਕਿੱਲੋ ਅਫ਼ੀਮ ਦਿੱਤੀ ਤੇ ਕਿਹਾ ਕਿ ਇਸ ਨੂੰ ਪੰਜਾਬ 'ਚ ਇਕ ਵਿਅਕਤੀ ਨੂੰ ਦੇਣਾ ਹੈ, ਜਿਸ ਦਾ ਨਾਂ ਉਹ ਬਾਅਦ 'ਚ ਫੋਨ 'ਤੇ ਦੱਸੇਗਾ। ਮੁਲਜ਼ਮ ਦਾ ਰਿਮਾਂਡ ਲੈ ਕੇ ਇਸ ਤੋਂ ਹੋਰ ਡੂੰਘਾਈ 'ਚ ਪੁੱਛਗਿੱਛ ਕੀਤੀ ਜਾਵੇਗੀ।