ਸਤਿੰਦਰ ਸ਼ਰਮਾ, ਫਿਲੌਰ : ਸਥਾਨਕ ਪੁਲਿਸ ਨੇ ਤੇਹਿੰਗ ਚੂੰਗੀ 'ਤੇ ਨਾਕਾਬੰਦੀ ਦੌਰਾਨ ਸ਼ੱਕ ਪੈਣ 'ਤੇ ਇਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ, ਉਸ ਦੇ ਸਿਰ 'ਤੇ ਰੱਖੀ ਬੋਰੀ ਚੋਂ 10506 ਨਸ਼ੀਲੇ ਕੈਪਸ਼ੂਲ ਅਤੇ 5475 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਸੂਚਨਾ ਮਿਲਦਿਆਂ ਹੀ ਡੀਐੱਸਪੀ ਫਿਲੌਰ ਦਵਿੰਦਰ ਸਿੰਘ ਅੱਤਰੀ ਤੇ ਐੱਸਐੱਚਓ ਫਿਲੌਰ ਪ੍ਰਰੇਮ ਸਿੰਘ ਖ਼ੁਦ ਮੌਕੇ 'ਤੇ ਪੁੱਜੇ। ਡੀਐੱਸਪੀ ਅੱਤਰੀ ਤੇ ਐੱਸਐੱਚਓ ਫਿਲੌਰ ਪ੍ਰਰੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਨਵਾਂਸ਼ਹਿਰ 'ਚ ਫਲ ਵੇਚਣ ਦਾ ਕੰਮ ਕਰਦਾ ਸੀ, ਕੁਝ ਸਮੇਂ ਤੋਂ ਉਹ ਨਸ਼ਿਆਂ ਦੇ ਵਪਾਰ ਨਾਲ ਜੁੜ ਗਿਆ। ਉਹ ਸਹਾਰਨਪੁਰ ਤੋਂ ਨਸ਼ੀਲੀਆਂ ਦਵਾਈਆਂ ਲਿਆ ਕੇ ਸ਼ਹੀਦ ਭਗਤ ਸਿੰਘ ਨਗਰ 'ਚ ਮਹਿੰਗੇ ਭਾਅ ਵੇਚਦਾ ਸੀ ਪਰ ਸੋਮਵਾਰ ਉਹ ਇਥੇ ਨਾਕੇ 'ਤੇ ਫੜਿਆ ਗਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।