ਜੇਐੱਨਐੱਨ, ਜਲੰਧਰ : ਸ਼ਹਿਰ ਤੋਂ ਅੰਮਿ੍ਤਸਰ ਵੱਲ ਜਾਣ ਲਈ ਰਾਮਾਮੰਡੀ ਫਲਾਈਓਵਰ ਤਕ ਜਾਣ ਦੀ ਲੋੜ ਨਹੀਂ ਰਹੇਗੀ। ਜਲੰਧਰ ਦੇ ਵਿਧਾਇਕ ਤੇ ਸਰਕਾਰੀ ਅਮਲਾ ਪੀਏਪੀ ਫਲਾਈਓਵਰ ਦੀ ਬੰਦ ਪਈ ਅਪ੍ਰਰੋਚ ਰੋਡ ਨੂੰ ਖੋਲ੍ਹਣ ਤੇ ਸ਼ਹਿਰ ਦੇ ਅੰਦਰੋਂ ਹਵਾਈ 'ਤੇ ਦਾਖ਼ਲ ਹੋਣ ਵਾਲੇ ਟ੍ਰੈਫਿਕ ਨੂੰ ਹਾਦਸਾ ਰਹਿਤ ਮਰਜ ਕਰਨ ਲਈ ਸੰਭਾਵਨਾਵਾਂ ਲੱਭਣ ਵਿਚ ਡਟ ਗਿਆ ਹੈ। ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਜਲੰਧਰ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ, ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਅਤੇ ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਤੇ ਏਡੀਸੀਪੀ ਗਗਨੇਸ਼ ਕੁਮਾਰ ਨੇ ਸ਼ਨਿਚਰਵਾਰ ਨੂੰ ਪੀਏਪੀ ਫਲਾਈਓਵਰ ਦੀ ਬੰਦ ਪਈ ਅਪ੍ਰਰੋਚ ਰੋਡ ਦਾ ਦੌਰਾ ਕੀਤਾ।

ਨਿਗਮ ਕਮਿਸ਼ਨਰ ਨੇ ਵੀ ਰੈਂਪ ਹੀ ਸੁਝਾਇਆ ਉਪਾਅ

ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਕਿਹਾ ਕਿ ਪੀਏਪੀ ਫਲਾਈਓਵਰ ਦੀ ਬੰਦ ਪਈ ਅਪ੍ਰਰੋਚ ਰੋਡ ਨੂੰ ਖੋਲ੍ਹਣ ਤੇ ਸ਼ਹਿਰ ਦੇ ਟ੍ਰੈਫਿਕ ਨੂੰ ਹਾਈਵੇ 'ਤੇ ਸੁਰੱਖਿਅਤ ਐਂਟਰੀ ਦੇਣ ਲਈ ਰੈਂਪ ਹੀ ਸਮੱਸਿਆ ਦਾ ਹੱਲ ਬਣ ਸਕਦਾ ਹੈ। ਲਾਕੜਾ ਨੇ ਕਿਹਾ ਕਿ ਸਿਕਸ ਲੇਨ ਫਲਾਈਓਵਰ ਨੂੰ ਫੋਰਲੇਨ ਆਰਓਬੀ 'ਤੇ ਉਤਾਰਿਆ ਗਿਆ ਹੈ ਅਤੇ ਇਸੇ ਕਾਰਨ ਵਾਹਨ ਆਪਸ ਵਿਚ ਟਕਰਾਉਂਦੇ ਹਨ। ਜੇ ਪੀਏਪੀ ਆਰਓਬੀ 'ਤੇ 20 ਮੀਟਰ ਚੌੜਾ ਅਤੇ 50 ਮੀਟਰ ਲੰਬਾ ਰੈਂਪ ਬਣਾ ਦਿੱਤਾ ਜਾਵੇ ਤਾਂ ਹਾਦਸੇ ਹੋਣ ਦੀ ਸੰਭਾਵਨਾ ਲਗਪਗ ਖਤਮ ਹੋ ਜਾਵੇਗੀ। ਪੀਏਪੀ ਫਲਾਈਓਵਰ ਤੋਂ ਉਤਰਨ ਵਾਲੇ ਵਾਹਨ ਚਾਲਕਾਂ ਨੂੰ ਦੂਰੋਂ ਹੀ ਵਾਹਨ ਦਿਖਾਈ ਦੇ ਜਾਣਗੇ।

ਟ੍ਰੈਫਿਕ ਮਰਜ ਵਾਲੇ ਸਥਾਨ 'ਤੇ ਟ੍ਰੈਫਿਕ ਲਾਈਟਾਂ ਬਣ ਸਕਦੀਆਂ ਨੇ ਤਾਰਨਹਾਰ : ਹੈਨਰੀ

ਲੋਕਾਂ ਦੀ ਸਮੱਸਿਆ ਦੇ ਹੱਲ ਲਈ ਪੀਏਪੀ ਫਲਾਈਓਵਰ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਨ ਸਭਾ ਹਲਕਾ ਜਲੰਧਰ ਉਤਰੀ ਦੇ ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਪੀਏਪੀ ਫਲਾਈਓਵਰ ਅਤੇ ਸ਼ਹਿਰ ਦੇ ਵਿਚਕਾਰ ਟ੍ਰੈਫਿਕ ਦੇ ਮਰਜਿੰਗ ਵਾਲੇ ਸਥਾਨ 'ਤੇ ਦੋਵਾਂ ਪਾਸੇ ਜੇ ਟ੍ਰੈਫਿਕ ਲਾਈਟਾਂ ਲਗਾ ਦਿੱਤੀਆਂ ਜਾਣ ਤਾਂ ਉਹ ਹਾਦਸੇ ਦੀਆਂ ਸੰਭਾਵਨਾਵਾਂ ਬੇਹੱਦ ਘੱਟ ਸਕਦੀਆਂ ਹਨ।

ਮੌਕੇ 'ਤੇ ਬੁਲਾਈ ਜਾਵੇ ਐੱਨਐੱਚਏਆਈ ਦੀ ਟੀਮ : ਬੇਰੀ

ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਦੇ ਵਿਧਾਇਕ ਰਜਿੰਦਰ ਬੇਰੀ ੇਨ ਕਿਹਾ ਕਿ ਪੀਏਪੀ ਫਲਾਈਓਵਰ ਦੀ ਬੰਦ ਪਈ ਸਰਵਿਸ ਲੇਨ ਨੂੰ ਤੁਰੰਤ ਖੋਲ੍ਹਣ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੀ ਟੀਮ ਨੂੰ ਤੁਰੰਤ ਮੌਕੇ 'ਤੇ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਸਮੱਸਿਆ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨ ਲਈ ਕਿਹਾ ਜਾਵੇ।

ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਬੁਲਾਉਣ 'ਤੇ ਵੀ ਨਹੀਂ ਆਉਂਦੇ ਐੱਨਐੱਚਏਆਈ ਦੇ ਅਧਿਕਾਰੀ

ਡੀਸੀਪੀ ਟ੍ਰੈਫਿਕ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਰੇਸ਼ ਡੋਗਰਾ ਕਈ ਵਾਰ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਪੀਏਪੀ ਫਲਾਈਓਵਰ ਦੀ ਸਮੱਸਿਆ ਹੱਲ ਕਰਵਾਉਣ ਲਈ ਮੌਕੇ 'ਤੇ ਆਉਣ ਲਈ ਕਹਿ ਚੁੱਕੇ ਹਨ ਪਰ ਅਧਿਕਾਰੀ ਨਹੀਂ ਆ ਰਹੇ। ਡੋਗਰਾ ਨੇ ਕਿਹਾ ਕਿ ਉਹ ਐੱਨਐੱਚਏਆਈ ਦੇ ਪ੍ਰਰਾਜੈਕਟ ਡਾਇਰੈਕਟਰ ਨੂੰ ਵਾਰ-ਵਾਰ ਫੋਨ ਕਰ ਕੇ ਸਾਈਟ 'ਤੇ ਬੁਲਾ ਰਹੇ ਹਨ ਪਰ ਉਹ ਨਹੀਂ ਆਉਂਦੇ। ਪ੍ਰਰਾਜੈਕਟ ਡਾਇਰੈਕਟਰ ਨੂੰ ਸੋਮਵਾਰ ਤਕ ਦਾ ਸਮਾਂ ਦਿੱਤਾ ਗਿਆ ਹੈ ਕਿ ਆ ਕੇ ਪੀਏਪੀ ਦੀ ਬੰਦ ਪਈ ਸਰਵਿਸ ਲੇਨ ਦੀ ਸਮੱਸਿਆ ਦਾ ਹੱਲ ਕਰਨ।

ਤੂਰ ਨੇ ਲਗਾਈ ਵਿਧਾਇਕਾਂ ਤੇ ਸਰਕਾਰੀ ਅਮਲੇ ਦੀ ਕਲਾਸ

ਵਿਧਾਇਕ ਅਤੇ ਸਰਕਾਰੀ ਅਮਲਾ ਜਦੋਂ ਪੀਏਪੀ ਫਲਾਈਓਵਰ ਦੀ ਬੰਦ ਪਈ ਸਰਵਿਸ ਲੇਨ ਦਾ ਮੁਆਇਨਾ ਕਰ ਰਹੇ ਸਨ ਤਾਂ ਉਸੇ ਸਮੇਂ ਸੜਕ ਤੋਂ ਲੰਘ ਰਹੇ ਜਲੰਧਰ ਵਾਸੀ ਸਤਪਾਲ ਸਿੰਘ ਤੂਰ ਨੇ ਲੋਕਾਂ ਨੂੰ ਲੋਕਾਂ ਨੂੰ ਪੇਸ਼ ਈ ਰਹੀ ਸਮੱਸਿਆ ਨੂੰ ਲੈ ਕੇ ਵਿਧਾਇਕ ਅਤੇ ਸਰਕਾਰੀ ਅਮਲੇ ਨੂੰ ਗੱਲਾਂ ਹੀ ਗੱਲਾਂ ਵਿਚ ਖੂਬ ਕਲਾਸ ਲਗਾਈ। ਤੂਰ ਨੇ ਕਿਹਾ ਕਿ ਲੋਕ ਲੰਬੇ ਅਰਸੇ ਤੋਂ ਪਰੇਸ਼ਾਨ ਹੋ ਰਹੇ ਹਨ ਅਤੇ ਲੋਕਾਂ ਦੀ ਸਮੱਸਿਆ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਅਧਿਕਾਰੀਆਂ ਨੇ ਇਹ ਕਿਹਾ ਕਿ ਰੈਂਪ ਬਣਨ ਵਿਚ 6 ਮਹੀਨੇ ਜਾਂ ਇਸ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਤਾਂ ਤੂਰ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਕੁਝ ਦਿਨ ਵਿਚ ਹੀ ਰੈਂਪ ਨੂੰ ਬਣਾ ਸਕਦੀ ਹੈ। ਹਾਲਾਂਕਿ ਕੁਝ ਦੇਰ ਬਾਅਦ ਤੂਰ ਦੀਆਂ ਗੱਲਾਂ ਤੋਂ ਸਾਰੇ ਸਹਿਮਤ ਵੀ ਹੋਏ ਅਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਤੁਰੰਤ ਕੰਮ ਸ਼ੁਰੂ ਕਰਵਾਉਣਗੇ।