ਮਦਨ ਭਾਰਦਵਾਜ, ਜਲੰਧਰ

ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਦਰਖਾਸਤਾਂ ਲੈਣ ਦੀ ਮਿਆਦ 19 ਜੁਲਾਈ ਤਕ ਵਧਾ ਦਿੱਤੀ ਹੈ। ਉਕਤ ਯੋਜਨਾ ਅਧੀਨ ਜਿਨ੍ਹਾਂ ਲੋਕਾਂ ਦੀ ਸਲਾਨਾ ਆਮਦਨੀ 3 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ, ਉਨ੍ਹਾਂ ਨੂੰ ਉਕਤ ਯੋਜਨਾ ਅਧੀਨ 1.50 ਲੱਖ ਰੁਪਏ ਘਰ ਬਣਾਉਣ ਲਈ ਦਿੱਤੇ ਜਾਣਗੇ ਜਿਸ ਵਿਚ ਇਕ ਕਮਰਾ, ਰਸੋਈ ਤੇ ਬਾਥਰੂਮ ਬਣਾਉਣਾ ਸ਼ਾਮਲ ਹੈ। ਉਕਤ ਯੋਜਨਾ ਲਈ ਦਰਖਾਸਤਾਂ ਲੈਣ ਦੀ ਆਖਰੀ ਤਰੀਕ 15 ਜੁਲਾਈ ਸੀ ਪਰ ਮੇਅਰ ਜਗਦੀਸ਼ ਰਾਜਾ ਵਲੋਂ ਦਰਖਾਸਤਾਂ ਲੈਣ ਦੀ ਮਿਆਦ 4 ਦਿਨ ਵਧਾ ਕੇ 19 ਜੁਲਾਈ ਤਕ ਵਧਾ ਦਿੱਤੀ ਹੈ। ਉਕਤ ਯੋਜਨਾ ਦੀ ਸਹਾਇਕ ਕੋਆਰਡੀਨੇਟਰ ਨਿਰਮਲਜੀਤ ਕੌਰ ਨੇ ਦੱਸਿਆ ਕਿ 15 ਜੁਲਾਈ ਤਕ ਉਨ੍ਹਾਂ ਕੋਲ 4500 ਫਾਈਲਾਂ ਜਮ੍ਹਾਂ ਹੋ ਚੁੱਕੀਆਂ ਸਨ ਅਤੇ ਹੁਣ ਫਾਈਲਾਂ ਜਮ੍ਹਾਂ ਹੋਣ ਦੀ ਮਿਆਦ 'ਚ ਵਾਧਾ ਹੋਣ ਦੇ ਨਾਲ ਫਾਈਲਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।

45 ਲੋਕਾਂ ਨੂੰ ਮਿਲੇਗੀ ਘਰ ਬਣਾਉਣ ਲਈ ਰਕਮ : ਨਿਰਮਲਜੀਤ ਕੌਰ

ਇਸ ਸਬੰਧੀ ਵਿਚ ਸਹਾਇਕ ਕੋਆਰਡੀਨੇਟਰ ਨਿਰਮਲਜੀਤ ਕੋਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 45 ਕੇਸ ਪਾਸ ਹੋ ਚੁੱਕੇ ਹਨ ਅਤੇ ਛੇਤੀ ਹੀ ਇਨ੍ਹਾਂ ਲੋਕਾਂ ਨੂੰ 1.50 ਰੁਪਏ ਦੇ ਹਿਸਾਬ ਨਾਲ ਉਕਤ ਯੋਜਨਾ ਅਧੀਨ 45 ਲੋਕਾਂ ਨੂੰ ਰਕਮ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾਂ ਕਰਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੰਪਿਊਟਰ ਸਿਸਟਮ 'ਚ ਕੁੁਝ ਖ਼ਰਾਬੀ ਆਉਣ ਕਾਰਨ 45 ਲੋਕਾਂ ਨੂੰ ਡੇਢ ਲੱਖ ਰੁਪਏ ਦੀ ਰਕਮ ਦੇਣ 'ਚ ਦੇਰੀ ਹੋਈ ਹੈ ਅਤੇ ਹੁਣ ਸਿਸਟਮ ਠੀਕ ਹੋ ਗਿਆ ਹੈ ਅਤੇ ਛੇਤੀ ਹੀ ਰਕਮ ਉਨ੍ਹਾਂ ਦੇ ਖਾਤਿਆਂ 'ਚ ਤਬਦੀਲ ਕਰ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਘਰ ਦਾ ਕੰਮ ਸ਼ੁਰੂ ਕਰ ਸਕਣ।