ਮਦਨ ਭਾਰਦਵਾਜ, ਜਲੰਧਰ : ਸਟੇਟ ਕੰਜ਼ਿਊਮਰ ਫੋਰਮ ਨੇ ਇੰਪਰੂਵਮੈਂਟ ਟਰੱਸਟ ਦੀਆਂ ਦੋ ਅਪੀਲਾਂ ਖ਼ਾਰਜ ਕਰ ਕੇ ਉਸ ਨੂੰ ਜ਼ਬਰਦਸਤ ਝਟਕਾ ਦਿੰਦੇ ਹੋਏ ਦੋ ਅਲਾਟੀਆਂ ਨੂੰ 10.50 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਹੁਕਮ ਸੁਣਾਏ ਹਨ। ਸਟੇਟ ਫੋਰਮ ਨੇ ਉਕਤ ਹੁਕਮ ਇੰਦਰਾਪੁਰ ਦੀ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਦੇ ਦੋ ਅਲਾਟੀਆਂ ਬੂਟਾ ਮੰਡੀ ਦੇ ਜੈ ਚੰਦ ਤੇ ਦਿਵਾਲੀ ਪਿੰਡ ਦੇ ਬਲਬੀਰ ਸਿੰਘ ਨੂੰ 10.50 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਦਿੱਤੇ ਹਨ। ਇੰਪਰੂਵਮੈਂਟ ਟਰੱਸਟ ਦੀ ਇੰਦਰਾਪੁਰਮ ਦੀ ਮਾਸਟਰ ਗੁਰਬੰਤਾ ਸਿੰਘ ਇਨਕਲੇਵ 'ਚ ਬੂਟਾ ਮੰਡੀ ਦੇ ਜੈ ਚੰਦ ਨੂੰ 244-ਏ ਦੀ ਦੂਜੀ ਮੰਜ਼ਿਲ 'ਤੇ ਫਲੈਟ ਦੀ ਅਲਾਟਮੈਂਟ ਕੀਤੀ ਗਈ ਸੀ। ਅਲਾਟੀ ਨੂੰ ਉਸ ਦਾ ਕਬਜ਼ਾ ਤਾਂ ਦਿੱਤਾ ਪਰ ਉਥੇ ਬੁਨਿਆਦੀ ਸਹੂਲਤਾਂ ਤਕ ਨਹੀਂ ਸਨ। ਇਸ 'ਤੇ ਜੈ ਚੰਦ ਨੇ ਜ਼ਿਲ੍ਹਾ ਕੰਜ਼ਿਊਮਰ ਫੋਰਮ 'ਚ ਕੇਸ ਕੀਤਾ ਤੇ ਫੋਰਮ ਨੇ 19 ਮਾਰਚ 2019 ਨੂੰ ਫ਼ੈਸਲਾ ਜੈ ਚੰਦ ਦੇ ਹੱਕ 'ਚ ਦੇ ਦਿੱਤਾ ਜਿਸ ਵਿਚ ਟਰੱਸਟ ਨੂੰ 3.50 ਲੱਖ ਰੁਪਏ, 50 ਫ਼ੀਸਦੀ ਕੰਪਨਸੇਸ਼ਨ, 7 ਹਜ਼ਾਰ ਰੁਪਏ ਕਾਨੂੰਨੀ ਫੀਸ ਤੇ 12 ਫ਼ੀਸਦੀ ਵਿਆਜ਼ ਸਮੇਤ ਦੇਣ ਦੇ ਹੁਕਮ ਦਿੱਤੇ ਸਨ ਜੋ ਕਿ ਸਤੰਬਰ 2006 ਤੋਂ ਦੇਣੇ ਸਨ।

ਦੂਜੇ ਕੇਸ ਵਿਚ ਦਿਵਾਲੀ ਪਿੰਡ ਦੇ ਬਲਬੀਰ ਸਿੰਘ ਨੂੰ ਵੀ ਉਕਤ ਅਬਾਦੀ 'ਚ ਦੂਜੀ ਮੰਜ਼ਿਲ 'ਤੇ ਹੀ 258-ਏ ਫਲੈਟ ਅਲਾਟ ਕੀਤਾ ਗਿਆ ਸੀ ਤੇ ਉਨ੍ਹਾਂ ਨੇ ਵੀ ਫੋਰਮ 'ਚ ਕੇਸ ਕਰ ਦਿੱਤਾ ਜਿਸ 'ਤੇ ਫੋਰਮ ਨੇ 19 ਮਾਰਚ 2019 'ਚ ਬਲਬੀਰ ਸਿੰਘ ਦੇ ਹੱਕ 'ਚ ਤੇ ਟਰੱਸਟ ਦੇ ਖ਼ਿਲਾਫ਼ ਫ਼ੈਸਲਾ ਦੇ ਦਿੱਤਾ।

---

ਟਰੱਸਟ ਦੀਆਂ ਅਪੀਲਾਂ ਖ਼ਾਰਜ

ਇਸ ਦੌਰਾਨ ਇੰਪਰੂਵਮੈਂਟ ਟਰੱਸਟ ਨੇ 15 ਮਈ 2019 ਨੂੰ ਜ਼ਿਲ੍ਹਾ ਕੰਜ਼ਿਊਮਰ ਫੋਰਮ ਦੇ ਫ਼ੈਸਲੇ ਖ਼ਿਲਾਫ਼ ਸਟੇਟ ਕਮਿਸ਼ਨ ਅੱਗੇ 25-25 ਹਜ਼ਾਰ ਰੁਪਏ ਫੀਸ ਜਮ੍ਹਾਂ ਕਰਾ ਕੇ ਦੋ ਅਪੀਲਾਂ ਪਾਈਆਂ ਸਨ ਜਿਨ੍ਹਾਂ ਨੂੰ ਸਟੇਟ ਕਮਿਸ਼ਨ ਨੇ ਜ਼ਿਲ੍ਹਾ ਕੰਜ਼ਿਊਮਰ ਫੋਰਮ ਦੇ ਫ਼ੈਸਲੇ ਨੂੰ ਸਹੀ ਕਰਾਰ ਦਿੰਦੇ ਹੋਏ ਡਿਸਮਿਸ ਕਰ ਦਿੱਤਾ। ਇਸ ਤੋਂ ਬਾਅਦ ਟਰੱਸਟ ਨੇ ਨੈਸ਼ਨਲ ਕੰਜ਼ਿਊਮਰ ਕਮਿਸ਼ਨ ਕੋਲ ਅਪੀਲ ਕੀਤੀ ਤਾਂ ਉਸ ਨੇ 8 ਜਨਵਰੀ ਹੁਕਮ ਜਾਰੀ ਕੀਤੇ ਕਿ ਟਰੱਸਟ ਜ਼ਿਲ੍ਹਾ ਕੰਜ਼ਿਊਮਰ ਫੋਰਮ ਕੋਲ ਦੋਵਾਂ ਅਲਾਟੀਆਂ ਲਈ 50 ਫ਼ੀਸਦੀ ਅਰਥਾਤ 10.50 ਲੱਖ ਦੀ ਰਕਮ ਜਮ੍ਹਾਂ ਕਰਾਏ ਤੇ ਅਲਾਟੀਆਂ ਨੂੰ 6-6 ਹਜ਼ਾਰ ਰੁਪਏ ਦੇ ਡਰਾਫਟ ਵੀ ਉਕਤ ਰਕਮ ਨਾਲ ਦੇਵੇ ਅਤੇ 29 ਮਈ 2020 ਨੂੰ ਨੈਸ਼ਨਲ ਕਮਿਸ਼ਨ ਅੱਗੇ ਪੇਸ਼ ਹੋਏ।