ਮਹਿੰਦਰ ਰਾਮ ਫੁੱਗਲਾਣਾ, ਜਲੰਧਰ : 3 ਤੇ 4 ਅਗਸਤ ਨੂੰ ਠੇਕਾ ਮੁਲਾਜ਼ਮ ਸ਼ੰਘਰਸ਼ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਦੋ ਦਿਨ ਚਾਰ ਘੰਟੇ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਗੁਰਪ੍ਰੀਤ ਸਿੰਘ, ਸਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੇ ਕੰਨਾ ਤੇ ਜੂੰ ਤਕ ਨਹੀਂ ਸਰਕ ਰਹੀ।

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੀਆਰਟੀਸੀ ਵੱਲੋਂ ਸਾਂਝੇ ਤੌਰ 'ਤੇ ਗੇਟ ਰੈਲੀਆਂ ਕੀਤੀਆਂ ਗਈਆਂ ਜਿਸ ਦੌਰਾਨ ਦੋਵੇਂ ਡਿਪੂਆਂ ਵੱਲੋਂ ਸਾਂਝੇ ਤੌਰ 'ਤੇ ਜਲੰਧਰ ਡਿਪੂ ਦੇ ਗੇਟ 'ਤੇ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ, ਜਲੰਧਰ ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਜਲੰਧਰ ਡਿਪੂ -2 ਦੇ ਪ੍ਰਧਾਨ ਸੱਤਪਾਲ ਸਿੰਘ ਸੱਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਕੱਚੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਸਰਕਾਰ ਆਪਣੀ ਝੂਠੀ ਲੜਾਈ ਵਿਖਾ ਕੇ ਪੰਜਾਬ ਦੀ ਜਨਤਾ ਨਾਲ ਧੋਖਾ ਕਰਕੇ 2022 ਵਿਚ ਸਰਕਾਰ ਬਣਾਉਣ ਦੀ ਝਾਕ ਵਿਚ ਹੈ। ਪਰ ਪੰਜਾਬ ਦੇ ਲੋਕ ਇਨ੍ਹਾਂ ਸਿਆਸੀ ਪੈਂਤੜਿਆਂ ਨੂੰ ਜਾਣਦੇ ਹਨ। ਪਹਿਲਾਂ ਸਰਕਾਰ ਟਰਾਂਸਪੋਰਟ ਮਾਫੀਆ ਖ਼ਤਮ ਕਰੇ, ਘਰ ਘਰ ਰੋਜ਼ਗਾਰ ਦੇਵੇ, ਰੇਤ ਮਾਫੀਆ, ਕੇਬਲ ਮਾਫੀਆ, ਨਸ਼ਾ ਮਾਫੀਆ ਖ਼ਤਮ ਕਰੇ, ਪਹਿਲੀ ਕੈਬਨਿਟ ਮੀਟਿੰਗ ਵਿਚ ਪੱਕੇ ਕਰਨ ਵਾਲੇ ਵਾਅਦਾ ਪੂਰਾ ਕਰੇ ਨਹੀਂ ਤਾਂ ਹਰੇਕ ਸਥਾਨ 'ਤੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕਮਾਈ ਵਾਲੇ ਮਹਿਕਮੇ ਪਨਬੱਸ ਅਤੇ ਪੀਆਰਟੀਸੀਦੇ ਕੱਚੇ ਮੁਲਾਜ਼ਮਾਂ ਵਲੋਂ ਜਦੋਂ ਵੀ ਹੜਤਾਲ ਕੀਤੀ ਜਾਂਦੀ ਹੈ ਤਾਂ ਮੀਟਿੰਗ ਵਿਚ ਮੰਤਰੀ ਵਲੋਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਪਿਛਲੇ ਦਿਨੀਂ ਕੀਤੀ ਹੜਤਾਲ ਵਿਚ ਪਟਿਆਲਾ ਪ੍ਰਸ਼ਾਸਨ ਵਲੋਂ ਦਿੱਤੀ ਮੀਟਿੰਗ ਪੰਜਾਬ ਭਵਨ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਹੋਈ ਸੀ ਜਿਸ ਵਿਚ ਮੰਤਰੀ ਵਲੋਂ ਯੂਨੀਅਨ ਨੂੰ 10 ਦਿਨ ਵਿਚ ਪ੍ਰਪੋਜ਼ਲ ਬਣਾ ਕੇ ਦਿਉ ਕਿਹਾ ਗਿਆ ਸੀ, ਫਿਰ 7 ਦਿਨ ਵਿਚ ਕੈਬਨਿਟ ਮੀਟਿੰਗ ਕਰ ਕੇ ਹੱਲ ਕਰਨ ਲਈ ਯੂਨੀਅਨ ਨੇ 14 ਦਿਨ ਦਿੱਤੇ ਸੀ।

2 ਅਗਸਤ ਨੂੰ ਪੂਰੇ ਹੋ ਚੁੱਕੇ ਹਨ 20 ਦਿਨ

ਯੂਨੀਅਨ ਵੱਲੋਂ ਗੇਟ ਰੈਲੀ ਕਰਕੇ ਚਿਤਾਵਨੀ ਦਿੱਤੀ ਗਈ ਜੇਕਰ ਸਰਕਾਰ ਨੇ ਹੱਲ ਨਾ ਕੱਢਿਆ ਤਾਂ ਪਨਬੱਸ ਅਤੇ ਪੀਆਰਟੀਸੀ ਦੇ ਸਮੁੱਚੇ ਕਾਮੇ ਮਿਤੀ 9,10 ਤੇ 11 ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ।

ਇਸ ਮੌਕੇ ਦਲਜੀਤ ਸਿੰਘ, ਚਾਨਣ ਸਿੰਘ ,ਦਵਿੰਦਰ ਸਿੰਘ, ਗੁਰਜੀਤ ਸਿੰਘ ,ਗੁਰਪ੍ਰਕਾਰ ਸਿੰਘ, ਹਰਪਾਲ ਸਿੰਘ ,ਸੁਖਦੇਵ ਸਿੰਘ ਭਾਊ ,ਮਲਕੀਤ ਸਿੰਘ, ਜਸਵੰਤ ਸਿੰਘ, ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ ਤਿੱਖੇ ਸੰਘਰਸ਼ ਕੀਤੇ ਜਾਣਗੇ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 3 ਤੇ 4 ਅਗਸਤ ਦੀ ਦੋ ਰੋਜ਼ਾ ਹੜਤਾਲ ਵਿਚ ਪਨਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮ ਸ਼ਾਮਲ ਹੋ ਕੇ ਦੋਵੇਂ ਦਿਨ 4-4 ਘੰਟੇ ਬੱਸ ਸਟੈਂਡ ਬੰਦ ਕਰਕੇ 4 ਅਗਸਤ ਨੂੰ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਣਗੇ ।

ਇਸ ਮੌਕੇ ਭੁਪਿੰਦਰ ਸਿੰਘ ਰੰਧਾਵਾ, ਕੁਲਦੀਪ ਸਿੰਘ ,ਸਮਿਤ ਕੁਮਾਰ ਨੇ ਵੀ ਸੰਬੋਧਨ ਕੀਤਾ।

Posted By: Ramandeep Kaur