ਜੇਐੱਨਐੱਨ, ਜਲੰਧਰ : ਆਦਮਪੁਰ 'ਚ ਨਾਜਾਇਜ਼ ਸ਼ਰਾਬ ਫੈਕਟਰੀ ਲਾਉਣ ਦੇ ਮਾਮਲੇ 'ਚ ਨਾਮਜ਼ਦ ਸ਼ੀਤਲ ਅੰਗੁਰਾਲ ਤੇ ਸੰਨੀ ਅੰਗੁਰਾਲ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲ਼ ਗਈ। ਹੁਣ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਸ਼ੁੱਕਰਵਾਰ ਨੂੰ ਹੋਵੇਗਾ। ਉਥੇ ਥਾਣਾ ਡਵੀਜ਼ਨ ਨੰ. 1 ਦੀ ਪੁਲਿਸ ਅੰਗੁਰਾਲ ਭਰਾਵਾਂ ਦੀ ਅਗਾਊਂ ਜ਼ਮਾਨਤ ਤੋਂ ਬਾਅਦ ਫਰਾਰ ਚੱਲ ਰਹੇ ਸੂਰਜ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਥਾਣਾ ਡਵੀਜ਼ਨ ਨੰ. 1 ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਛੇਤੀ ਦੀ ਸੂਰਜ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਬੀਤੇ ਦਿਨੀਂ ਜਲੰਧਰ 'ਚ ਐਕਸਾਈਜ਼ ਵਿਭਾਗ ਚੰਡੀਗੜ੍ਹ ਤੇ ਸਥਾਨਕ ਪੁਲਿਸ ਨੇ ਬੁੱਧਵਾਰ ਨੂੰ ਰਾਏਪੁਰ ਨਾਲ ਧੋਗੜੀ ਰੋਡ ਸਥਿਤ ਭਾਜਪਾ ਆਗੂ ਰਾਜਨ ਅੰਗੁਰਾਲ ਦੀ ਫੈਕਟਰੀ 'ਤੇ ਛਾਪੇਮਾਰੀ ਕੀਤੀ ਸੀ। ਫੈਕਟਰੀ 'ਚ ਸ਼ਰਾਬ ਤਿਆਰ ਕਰਨ ਸਬੰਧੀ ਮਸ਼ੀਨਾਂ ਲੱਗੀਆਂ ਹੋਣ ਦਾ ਦਾਅਵਾ ਕੀਤਾ ਗਿਆ ਸੀ। ਫੈਕਟਰੀ ਹਾਲੇ ਸ਼ੁਰੂ ਨਹੀਂ ਹੋਈ ਪਰ ਉਥੇ ਸ਼ਰਾਬ ਤਿਆਰ ਕਰਨ ਵਾਲਾ ਸਾਮਾਨ ਵੀ ਬਰਾਮਦ ਹੋਇਆ ਸੀ। ਫੈਕਟਰੀ 'ਚ ਕਾਰਵਾਈ ਦੌਰਾਨ ਵਿਭਾਗ ਦੀ ਟੀਮ ਤੇ ਰਾਜਨ ਅੰਗੁਰਾਲ ਦੇ ਲੋਕਾਂ ਵਿਚਾਲੇ ਵਿਵਾਦ ਵੀ ਹੋਇਆ ਸੀ। ਦੂਜੇ ਪਾਸੇ ਐਕਸਾਈਜ਼ ਵਿਭਾਗ ਦੀ ਟੀਮ ਨੇ ਨਾਗਰਾ ਦੇ ਸ਼ਿਵ ਵਿਹਾਰ 'ਚ ਰਹਿਣ ਵਾਲੇ ਸੂਰਜ ਜੋ ਸ਼ੀਤਲ ਦਾ ਸਾਥੀ ਦੱਸਿਆ ਜਾ ਰਿਹਾ ਸੀ, ਦੇ ਘਰ 'ਚ ਵੀ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਛੇ ਬੋਰੇ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਜ਼ਬਤ ਕੀਤੇ ਸਨ ਤੇ ਹਰੇਕ ਬੋਰੇ 'ਚ 7500 ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਭਰੇ ਹੋਏ ਸਨ। ਵਿਭਾਗ ਨੇ ਕਰੀਬ 42 ਹਜ਼ਾਰ ਢੱਕਣ ਬਰਾਮਦ ਕਰ ਕੇ ਕਬਜ਼ੇ 'ਚ ਲੈ ਲਏ ਸਨ। ਉਥੇ ਐਕਸਾਈਜ਼ ਵਿਭਾਗ ਦੇ ਡੀਈਟੀਸੀ ਜਸਪਿੰਦਰ ਸਿੰਘ ਨੇ ਦੱਸਿਆ ਸੀ ਕਿ ਫੈਕਟਰੀ 'ਚ ਮਸ਼ੀਨਾਂ ਲਾਈਆਂ ਗਈਆਂ ਸਨ, ਜਿਨ੍ਹਾਂ ਨਾਲ ਸ਼ਰਾਬ ਭਰੀ ਜਾਣੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਫੈਕਟਰੀ 'ਚੋਂ 11 ਹਜ਼ਾਰ ਖਾਲੀ ਬੋਤਲਾਂ ਤੇ 3400 ਗੱਤੇ ਦੇ ਡੱਬੇ ਬਰਾਮਦ ਕੀਤੇ ਗਏ ਸਨ।