ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਥਾਣਾ ਭੋਗਪੁਰ ਦੀ ਪੁਲਿਸ ਚੌਕੀ ਪਚਰੰਗਾ ਹੇਠ ਪੈਂਦੇ ਪਿੰਡ ਗੜ੍ਹੀਬਖਸ਼ਾ ਚੌਕ ਵਿਚ ਇਕ ਟਰੱਕ ਅਤੇ ਕਾਰ ਵਿਚਾਲੇ ਵਾਪਰੇ ਸੜਕ ਹਾਦਸੇ ਵਿਚ ਟਰੱਕ ਚਾਲਕ ਦੀ ਮੌਤ ਹੋ ਜਾਣ ਅਤੇ ਕਾਰ ਚਾਲਕ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ ।

ਜਾਣਕਾਰੀ ਅਨੁਸਾਰ, ਜੰਮੂ ਕਸ਼ਮੀਰ ਵੱਲੋਂ ਸੇਬਾਂ ਨਾਲ ਭਰੇ ਦੋ ਟਰੱਕ ਜਲੰਧਰ ਵੱਲ ਜਾ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਟਰੱਕ ਨੂੰ ਅਮੋਲਕ ਸਿੰਘ ਚਲਾ ਰਿਹਾ ਸੀ ਅਤੇ ਦੂਸਰੇ ਟਰੱਕ ਨੂੰ ਉਸਦਾ ਪੁੱਤਰ ਗਗਨਦੀਪ ਸਿੰਘ ਚਲਾ ਰਿਹਾ ਸੀ। ਅਮੋਲਕ ਸਿੰਘ ਦਾ ਟਰੱਕ ਜਦੋਂ ਗੜ੍ਹੀਬਖਸ਼ਾ ਚੌਕ ਨੇੜੇ ਪੁੱਜਾ ਤਾਂ ਅੱਗੇ ਇੱਕ ਟਰਾਲੀ ਨੂੰ ਕਰਾਸ ਕਰਨ ਦੇ ਚੱਕਰ ਵਿਚ ਡਿਵਾਈਡਰ ਵਿਚਾਲੇ ਸੜਕ ਕਰਾਸ ਕਰਨ ਲਈ ਖਡ਼੍ਹੀ ਕਾਰ 'ਤੇ ਜਾ ਪਲਟਿਆ ਜਿਸ ਦੌਰਾਨ ਟਰੱਕ ਚਾਲਕ ਵੀ ਹਾਦਸੇ ਕਾਰਨ ਹੇਠਾਂ ਡਿੱਗ ਪਿਆ ਤੇ ਟਰੱਕ ਉਸ ਦੇ ਉਪਰ ਪਲਟ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ ਅਤੇ ਕਾਰ ਵਿੱਚ ਸਵਾਰ ਤਿੰਨ ਲੋਕਾਂ ਵਿਚੋਂ ਦੋ ਲੋਕਾਂ ਦਾ ਬਚਾਅ ਹੋ ਗਿਆ ਜਦਕਿ ਕਾਰ ਚਾਲਕ ਕਾਰ ਵਿਚ ਹੀ ਫਸ ਗਿਆ। ਜ਼ਖ਼ਮੀ ਕਾਰ ਚਾਲਕ ਦੀ ਪਹਿਚਾਣ ਸੁਮਿਤਪਾਲ ਵਾਸੀ ਸ਼ੱਕਰਪੁਰ ਵਜੋ ਹੋਈ ਹੈ ।ਹਾਦਸੇ ਦੀ ਸੂਚਨਾ ਮਿਲਣ 'ਤੇ ਨੈਸ਼ਨਲ ਹਾਈਵੇਅ ਪੈਟਰੋਲਿੰਗ ਗੱਡੀ 16 ਅਤੇ ਪੁਲਸ ਚੌਕੀ ਪਚਰੰਗਾ ਦੀ ਟੀਮ ਮੌਕੇ 'ਤੇ ਪੁੱਜ ਗਈ। ਕਾਰ ਚਾਲਕ ਨੂੰ ਟਰੱਕ ਹੇਠੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਟਰੱਕ ਸੇਬਾਂ ਦਾ ਭਰਿਆ ਹੋਣ ਕਾਰਨ ਇਹ ਸੰਭਵ ਨਾ ਹੋਇਆ ਤਾਂ ਹਾਈਵੇਅ ਪੈਟਰੋਲਿੰਗ ਗੱਡੀ ਟੀਮ ਵੱਲੋਂ ਚੌਲਾਂਗ ਟੋਲ ਪਲਾਜ਼ਾ ਤੋਂ ਕਰੇਨ ਮੰਗਵਾ ਕੇ ਟਰੱਕ ਨੂੰ ਚੁਕਵਾਇਆ ਗਿਆ ਅਤੇ ਕਾਰ ਨੂੰ ਟਰੱਕ ਹੇਠੋਂ ਕੱਢ ਕੇ ਜ਼ਖ਼ਮੀ ਕਾਰ ਚਾਲਕ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ ਅਤੇ ਹੇਠੋਂ ਟਰੱਕ ਚਾਲਕ ਦੀ ਲਾਸ਼ ਮਿਲੀ ਹੈ ।

Posted By: Jagjit Singh